ਗਣਤੰਤਰ ਦਿਵਸ ਮੌਕੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਰੂਪਮਾਨ ਕਰੇਗੀ ਪੰਜਾਬ ਦੀ ਝਾਕੀ

  • ਨੌਵੇਂ ਪਾਤਿਸ਼ਾਹ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੂਬੇ ਦੀ ਝਾਕੀ ਫ਼ਿਜ਼ਾ ਵਿੱਚ ਬਿਖੇਰੇਗੀ ਰੂਹਾਨੀਅਤ ਦਾ ਰੰਗ

ਨਵੀਂ ਦਿੱਲੀ/ਚੰਡੀਗੜ੍ਹ, 23 ਜਨਵਰੀ 2021 – ਗਣਤੰਤਰ ਦਿਵਸ ਮੌਕੇ ਇਸ ਵਾਰ ਪੰਜਾਬ ਦੀ ਝਾਕੀ, ਸਦੀਵੀ ਮਾਨਵੀ ਕਦਰਾਂ-ਕੀਮਤਾਂ, ਧਾਰਮਿਕ ਸਹਿ-ਹੋਂਦ ਅਤੇ ਧਰਮ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਖ਼ਾਤਰ ਆਪਣਾ ਮਹਾਨ ਜੀਵਨ ਕੁਰਬਾਨ ਕਰਨ ਵਾਲੇ ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਦ੍ਰਿਸ਼ਮਾਨ ਕਰੇਗੀ।

ਫੁੱਲ ਡਰੈੱਸ ਰਿਹਰਸਲ ਤੋਂ ਪਹਿਲਾਂ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਅੰਮ੍ਰਿਤਸਰ ਵਿਖੇ 1 ਅਪ੍ਰੈਲ, 1621 ਨੂੰ ਪ੍ਰਕਾਸ਼ ਧਾਰਿਆ। ਮੁਗ਼ਲਾਂ ਵਿਰੁੱਧ ਲੜਾਈ ਦੌਰਾਨ ਬਹਾਦਰੀ ਦਿਖਾਉਣ ਕਰਕੇ ਨੌਵੇਂ ਪਾਤਿਸ਼ਾਹ ਨੂੰ ਉਨ੍ਹਾਂ ਦੇ ਪਿਤਾ ਅਤੇ ਛੇਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤੇਗ਼ ਬਹਾਦਰ (ਤਲਵਾਰ ਦੇ ਧਨੀ) ਦਾ ਨਾਮ ਦਿੱਤਾ। ‘ਹਿੰਦ ਦੀ ਚਾਦਰ’ ਵਜੋਂ ਜਾਣੇ ਜਾਂਦੇ ਮਹਾਨ ਦਾਰਸ਼ਨਿਕ, ਅਧਿਆਤਮਕ ਰਹਿਨੁਮਾ ਅਤੇ ਕਵੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ 57 ਸਲੋਕਾਂ ਸਮੇਤ 15 ਰਾਗਾਂ ਵਿੱਚ ਗੁਰਬਾਣੀ ਰਚੀ ਜਿਸ ਨੂੰ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤਾ।

ਨੌਵੇਂ ਪਾਤਿਸ਼ਾਹ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਨੁੱਖਤਾ ਪ੍ਰਤੀ ਪ੍ਰੇਮ-ਪਿਆਰ, ਅਮਨ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਸਦੀਵੀ ਸੰਦੇਸ਼ ਦਾ ਪ੍ਰਚਾਰ ਕਰਨ ਹਿੱਤ ਦੂਰ-ਦੁਰਾਡੇ ਤੱਕ ਯਾਤਰਾਵਾਂ ਕੀਤੀਆਂ। ਔਰੰਗਜ਼ੇਬ ਦੀ ਕੱਟੜ ਧਾਰਮਿਕ ਨੀਤੀ ਅਤੇ ਜ਼ੁਲਮ ਦਾ ਸਾਹਮਣਾ ਕਰ ਰਹੇ ਕਸ਼ਮੀਰੀ ਪੰਡਤਾਂ ਦੀ ਗਾਥਾ ਸੁਣ ਕੇ ਗੁਰੂ ਸਾਹਿਬ ਨੇ ਮੁਗ਼ਲ ਬਾਦਸ਼ਾਹ ਨੂੰ ਵੰਗਾਰਿਆ। ਇਸਲਾਮ ਕਬੂਲਣ ਤੋਂ ਇਨਕਾਰ ਕਰਨ ‘ਤੇ ਮੁਗ਼ਲ ਬਾਦਸ਼ਾਹ ਦੇ ਹੁਕਮ ‘ਤੇ ਨੌਵੇਂ ਪਾਤਿਸ਼ਾਹ ਨੂੰ 11 ਨਵੰਬਰ, 1675 ਨੂੰ ਚਾਂਦਨੀ ਚੌਕ, ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ।

ਨੌਵੇਂ ਪਾਤਿਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਦਰਸਾਉਂਦੀ ਸਮੁੱਚੀ ਝਾਕੀ ਚਾਰ-ਚੁਫੇਰੇ ਰੂਹਾਨੀਅਤ ਦਾ ਪਾਸਾਰ ਕਰੇਗੀ। ਟਰੈਕਟਰ ਵਾਲੇ ਅਗਲੇ ਹਿੱਸੇ ‘ਤੇ ਪਾਵਨ ਪਾਲਕੀ ਸਾਹਿਬ ਸੁਸ਼ੋਭਿਤ ਹੋਵੇਗੀ। ਟ੍ਰੇਲਰ ਵਾਲੇ ਹਿੱਸੇ ਦੇ ਸ਼ੁਰੂ ਵਿੱਚ ‘ਪ੍ਰਭਾਤ ਫੇਰੀ’ ਦਰਸਾਈ ਜਾਵੇਗੀ ਅਤੇ ਸੰਗਤ ਕੀਰਤਨ ਕਰਦੀ ਵਿਖਾਈ ਦੇਵੇਗੀ। ਟ੍ਰੇਲਰ ਦੇ ਆਖ਼ਰੀ ਹਿੱਸੇ ਵਿੱਚ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਨੂੰ ਦਰਸਾਇਆ ਗਿਆ ਹੈ, ਜੋ ਉਸ ਥਾਂ ਉਸਾਰਿਆ ਗਿਆ ਹੈ, ਜਿਥੇ ਭਾਈ ਲੱਖੀ ਸ਼ਾਹ ਵਣਜਾਰਾ ਜੀ ਅਤੇ ਉਨ੍ਹਾਂ ਦੇ ਪੁੱਤਰ ਭਾਈ ਨਗਾਹੀਆ ਜੀ ਨੇ ਗੁਰੂ ਸਾਹਿਬ ਦੇ ਬਿਨਾਂ ਸੀਸ ਦੇ ਧੜ ਦਾ ਸਸਕਾਰ ਕਰਨ ਲਈ ਆਪਣਾ ਘਰ ਸਾੜ ਦਿੱਤਾ ਸੀ।

ਇੱਥੇ ਇਹ ਦੱਸਣਾ ਯੋਗ ਹੋਵੇਗਾ ਕਿ ਪੰਜਾਬ ਦੀ ਝਾਕੀ ਨੂੰ ਲਗਾਤਾਰ ਪੰਜਵੇਂ ਸਾਲ ਗਣਤੰਤਰ ਦਿਵਸ ਪਰੇਡ ਲਈ ਚੁਣਿਆ ਗਿਆ ਹੈ। ਸਾਲ 2019 ਵਿੱਚ ਪੰਜਾਬ ਦੀ ਝਾਕੀ ਨੇ ਸ਼ਾਨਦਾਰ ਪ੍ਰਾਪਤੀ ਦਰਜ ਕਰਦਿਆਂ ਤੀਜਾ ਸਥਾਨ ਜਿੱਤਿਆ ਸੀ। ਉਦੋਂ ਜਲ੍ਹਿਆਂਵਾਲਾ ਬਾਗ਼ ਕਤਲੇਆਮ ਦੀ ਝਾਕੀ ਨੇ ਸਭ ਪਾਸੇ ਪ੍ਰਸ਼ੰਸਾ ਖੱਟੀ ਸੀ। ਇਸ ਤੋਂ ਪਹਿਲਾਂ 1967 ਅਤੇ 1982 ਵਿੱਚ ਵੀ ਪੰਜਾਬ ਦੀ ਝਾਕੀ ਤੀਜੇ ਸਥਾਨ ‘ਤੇ ਰਹੀ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵੀਡੀਓ: ਕੈਪਟਨ ਦੀ ਸਹੁੰ ਤੋਂ ਬਾਅਦ ਪੇਸ਼ ਹੈ ਕੈਬਿਨੇਟ ਮੰਤਰੀ ਦੇ Smart Ration Card !

ਕੀ ਹੁਣ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਮੀਟਿੰਗ ਹੋਵੇਗੀ ?