ਨਵੀਂ ਦਿੱਲੀ, 3 ਫਰਵਰੀ 2021 – ਦਿੱਲੀ ਦੀਆਂ ਹੱਦਾਂ ‘ਤੇ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਕਰਨ ਲਈ ਪਿਛਲੇ 68 ਦਿਨਾਂ ਤੋਂ ਬੈਠੇ ਹਨ। ਇਸ ਦੇ ਨਾਲ ਹੀ ਹੁਣ ਤੱਕ ਕਿਸਾਨਾਂ ਨੂੰ ਪੰਜਾਬੀ ਕਲਾਕਾਰਾਂ ਦਾ ਸਾਥ ਮਿਲਿਆ ਸੀ, ਪਰ ਹੁਣ ਅੰਤਰਾਸ਼ਟਰੀ ਸਿਤਾਰੇ ਵੀ ਕਿਸਾਨਾਂ ਦੇ ਹੱਕ ‘ਚ ਬੋਲ ਰਹੇ ਹਨ।
ਅੰਤਰਰਾਸ਼ਟਰੀ ਪੌਪ ਸਟਾਰ ਰਿਹਾਨਾ ਨੇ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਦਿੱਲੀ ਦੇ ਬਾਹਰੀ ਇਲਾਕਿਆਂ ਵਿਚ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਆਪਣਾ ਸਮਰਥਨ ਵਧਾਉਂਦਿਆਂ ਅੰਦੋਲਨ ਨੂੰ ਕੁਚਲਣ ਦੇ ਮਕਸਦ ਨਾਲ ਇੰਟਰਨੈੱਟ ਬੰਦ ਦੀ ਨਿਖੇਧੀ ਕੀਤੀ। ਰਿਹਾਨਾ ਹਾਲੀਵੁੱਡ ਦੀ ਪੌਪ ਸਿੰਗਰ ਹੈ ਤੇ ਅਦਾਕਾਰ ਹੈ। ਰਿਹਾਨਾ ਦੇ ਟਵਿਟਰ ‘ਤੇ 100 ਮਿਲੀਅਨ ਫੋਲੋਅਰਸ ਹਨ। ਟਵਿਟਰ ‘ਤੇ ਦੁਨੀਆਂ ‘ਚ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਲੋਕਾਂ ‘ਚ ਰਿਹਾਨਾ 100 ਮਿਲੀਅਨ ਫੋਲੋਅਰਸ ਦੇ ਨਾਲ ਚੌਥੇ ਨੰਬਰ ‘ਤੇ ਹੈ।
ਵਿਸ਼ਵ ਦੀ ਪ੍ਰਸਿੱਧ ਪਾਪ ਸਿੰਗਰ ਰਿਹਾਨਾ ਵਲੋਂ ਭਾਰਤ ਵਿਚ ਲਗਾਤਾਰ ਚੱਲ ਰਹੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਟਵੀਟ ਕੀਤੇ ਤੇ ਸਵਾਲ ਕੀਤਾ ਕਿ ਇਸ ਬਾਰੇ ਗੱਲ ਕਿਉਂ ਨਹੀਂ ਹੋ ਰਹੀ। ਜਿਸ ਤੋਂ ਬਾਅਦ ਕਈ ਇੰਟਰਨੈਸ਼ਨਲ ਸੈਲੇਬ੍ਰਿਟੀਜ਼ ਅੰਦੋਲਨਕਾਰੀ ਕਿਸਾਨਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਦਿਖਾਈ ਦੇ ਰਹੇ ਹਨ। ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਵਾਤਾਵਰਨ ਪ੍ਰੇਮੀ ਤੇ ਵਰਕਰ ਗ੍ਰੇਟਾ ਥਨਬਰਗ ਨੇ ਵੀ ਭਾਰਤ ਵਿਚ ਚੱਲ ਰਹੇ ਕਿਸਾਨ ਅੰਦੋਲਨ ਨੂੰ ਆਪਣੀ ਹਮਾਇਤ ਦਿੱਤੀ ਹੈ।