ਨਵੀਂ ਦਿੱਲੀ, 14 ਅਪ੍ਰੈਲ 2023 – ਤੁਸੀਂ ਕਿੰਨੀ ਵਾਰ ਸੁਣਿਆ ਹੋਵੇਗਾ ਕਿ ਕਿਸੇ ਤੋਂ ਵੱਖ ਹੋਣ ਤੋਂ ਬਾਅਦ ਲੋਕ ਨਸ਼ੇ ਵਿੱਚ ਡੁੱਬ ਕੇ ਆਪਣਾ ਆਪ ਬਰਬਾਦ ਕਰ ਲੈਂਦੇ ਹਨ। ਪਰ ਕੀ ਤੁਸੀਂ ਕਦੇ ਅਜਿਹਾ ਕੁੱਤਾ ਦੇਖਿਆ ਹੈ ਜੋ ਆਪਣੇ ਮਾਲਕ ਦੀ ਮੌਤ ਤੋਂ ਬਾਅਦ ਸ਼ਰਾਬੀ ਹੋ ਗਿਆ ਹੋਵੇ ? ਅਜਿਹਾ ਹੀ ਇੱਕ ਮਾਮਲਾ ਬ੍ਰਿਟੇਨ ਵਿੱਚ ਸਾਹਮਣੇ ਆਇਆ ਹੈ ਜਿੱਥੇ ਕੋਕੋ ਨਾਮ ਦਾ ਇੱਕ ਲੈਬਰਾਡੋਰ ਕ੍ਰਾਸਬ੍ਰੀਡ ਕੁੱਤਾ ਨਸ਼ੇ ਦਾ ਆਦੀ ਹੋ ਗਿਆ ਅਤੇ ਉਸਦੀ ਹਾਲਤ ਵਿਗੜ ਗਈ। ਇਸ ਦੌਰਾਨ ਉਸ ਨੂੰ ਦੌਰੇ ਵੀ ਪੈਣੇ ਸ਼ੁਰੂ ਹੋ ਗਏ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਉਸ ਨੂੰ ਇਲਾਜ ਲਈ ਪਲੇਮਾਊਥ ਦੇ ਜਾਨਵਰਾਂ ਦੇ ਸ਼ੈਲਟਰ ‘ਚ ਲਿਆਂਦਾ ਗਿਆ।
ਸ਼ੈਲਟਰ ਵਿੱਚ ਇਲਾਜ ਦੌਰਾਨ ਦੌਰੇ ਪੈਣ ਤੋਂ ਬਚਣ ਲਈ ਉਸ ਨੂੰ ਕਈ ਦਿਨਾਂ ਤੱਕ ਬੇਹੋਸ਼ ਰੱਖਿਆ ਗਿਆ। ਡਾਕਟਰਾਂ ਨੇ ਉਸਦਾ ਇਲਾਜ ਕੀਤਾ ਅਤੇ ਫਿਲਹਾਲ ਉਸਦੀ ਹਾਲਤ ਕਾਫੀ ਠੀਕ ਹੈ। ਇਹ ਪਹਿਲੀ ਵਾਰ ਸੀ ਜਦੋਂ ਵੁੱਡਸਾਈਡ ਐਨੀਮਲ ਵੈਲਫੇਅਰ ਟਰੱਸਟ ਨੇ ਕਿਸੇ ਕੁੱਤੇ ਨੂੰ ਨਸ਼ੇ ਤੋਂ ਮੁਕਤ ਕਰਵਾਇਆ ਸੀ।
ਇੱਕ ਫੇਸਬੁੱਕ ਪੋਸਟ ਵਿੱਚ, ਜਾਨਵਰਾਂ ਦੇ ਸ਼ੈਲਟਰ ਨੇ ਇਸ ਲੈਬਰਾਡੋਰ ਕਰਾਸਬ੍ਰੀਡ ਦੀ ਕਹਾਣੀ ਦੱਸੀ। ਕੋਕੋ ਦੇ ਨਾਲ ਹੀ ਇਕ ਹੋਰ ਕੁੱਤਾ ਵੀ ਸ਼ੈਲਟਰ ‘ਚ ਆਇਆ ਸੀ, ਜੋ ਜਲਦੀ ਬੀਮਾਰ ਹੋ ਗਿਆ ਅਤੇ ਮਰ ਗਿਆ। ਜਿਵੇਂ ਕਿ ਪੋਸਟ ਵਿੱਚ ਦੱਸਿਆ ਗਿਆ ਹੈ, ਕੋਕੋ ਲਗਾਤਾਰ ਬਿਮਾਰ ਹੈ ਅਤੇ ਉਸਨੂੰ 24 ਘੰਟੇ ਦੇਖਭਾਲ ਦੀ ਲੋੜ ਹੈ। ਇਹ ਸਪੱਸ਼ਟ ਸੀ ਕਿ ਉਹ ਅਜਿਹੇ ਲੱਛਣਾਂ ਤੋਂ ਪੀੜਤ ਸੀ ਜੋ ਸ਼ਰਾਬ ਦੇ ਨਸ਼ੇ ਵੱਲ ਇਸ਼ਾਰਾ ਕਰਦੇ ਸਨ। ਉਸ ਦੀ ਸਿਹਤ ਦੇ ਖਤਰੇ ਨੂੰ ਘੱਟ ਕਰਨ ਲਈ ਉਸ ਨੂੰ 4 ਹਫ਼ਤਿਆਂ ਤੱਕ ਬੇਹੋਸ਼ ਰੱਖਣਾ ਪਿਆ।
ਹਾਲਾਂਕਿ ਇਹ ਕੁੱਤਾ ਸ਼ਰਾਬ ਦਾ ਆਦੀ ਕਿਵੇਂ ਹੋ ਗਿਆ, ਇਹ ਪਤਾ ਨਹੀਂ ਲੱਗ ਸਕਿਆ। ਪੋਸਟ ਵਿੱਚ ਕਿਹਾ ਗਿਆ ਹੈ, “ਕੋਈ ਨਹੀਂ ਜਾਣਦਾ ਕਿ ਇਹ ਕੁੱਤਾ ਸ਼ਰਾਬ ਦਾ ਆਦੀ ਕਿਵੇਂ ਹੋ ਗਿਆ, ਪਰ ਸਾਡੀ ਦੇਖਭਾਲ ਦੇ ਬਿਨਾਂ, ਕੋਕੋ ਸ਼ਾਇਦ ਬਚ ਨਹੀਂ ਸਕਦਾ ਸੀ।”