- “ਸਰਕਾਰ ਦੀਆ ਨਜ਼ਰਾਂ ‘ਚ ਕੱਚੇ ਮੁਲਾਜ਼ਮਾਂ ਦਾ ਕੀ ਹੈ ਮੁੱਲ”? ਇਹ ਦਰਸਾਉਣ ਲਈ ਐਸ.ਐਸ.ਏ/ ਮਿਡ ਡੇ ਮੀਲ ਦਫ਼ਤਰੀ ਮੁਲਾਜ਼ਮ 30 ਜਨਵਰੀ ਨੂੰ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਸ਼ਹਿਰ ਅਬੋਹਰ ਦੇ ਬਜ਼ਾਰਾਂ ‘ਚ ਕਰਨਗੇ ਮਾਰਚ
ਚੰਡੀਗੜ੍ਹ, 24 ਜਨਵਰੀ 2021 – ਠੇਕਾ ਸ਼ਬਦ ਇੱਕ ਅਜਿਹਾ ਸ਼ਬਦ ਹੈ ਜਿਸਤੋਂ ਅੱਜ ਕੱਲ ਹਰ ਇੱਕ ਬੱਚਾ ਜਵਾਨ ਤੇ ਬਜ਼ੁਰਗ ਚੰਗੀ ਤਰਾਂ ਵਾਕਫ਼ ਹੈ।ਠੇਕਾ ਸ਼ਬਦ ਪੰਜਾਬ ਵਿਚ ਦੋ ਜਗ੍ਹਾ ਤੇ ਵਰਤੋ ਕੀਤਾ ਜਾ ਰਿਹਾ ਹੈ ਇੱਕ ਤਾਂ ਸ਼ਰਾਬ ਦੇ ਠੇਕੇ ਅਤੇ ਦੂਜਾ ਸਰਕਾਰੀ ਦਫ਼ਤਰਾਂ ਵਿਚ ਠੇਕੇ ਤੇ ਭਰਤੀ ਮੁਲਾਜ਼ਮਾਂ ਲਈ।ਇਸੇ ਮੁੱਦੇ ਨੂੰ ਲੈ ਕੇ ਸੂਬੇ ਦੇ ਨੌਜਵਾਨ ਲੰਬੇ ਸਮੇਂ ਤੋਂ ਸੜਕਾਂ ਤੇ ਸੰਘਰਸ਼ ਕਰਦੇ ਆ ਰਹੇ ਹਨ ਪਰ ਹੁਣ ਸਰਕਾਰਾਂ ਦੀਆ ਮਾੜੀਆਂ ਨੀਤੀਆਂ ਤੇ ਸਰਕਾਰਾਂ ਦੇ ਮੌਜੂਦਾ ਹਾਲਾਤਾਂ ਤੋਂ ਅੱਕੇ ਮੁਲਾਜ਼ਮਾਂ ਨੇ ਨਾਅਰਾ ਦਿੱਤਾ ਹੈ ਕਿ “ਮਾੜੀ ਹੁੰਦੀ ਹੈ ਠੇਕੇ ਵਾਲੀ ਸ਼ਰਾਬ ਪਰ ਉਸ ਤੋਂ ਵੀ ਮਾੜੀ ਹੈ ਸਰਕਾਰ ਦੀ ਠੇਕੇ ਦੀ ਨੌਕਰੀ”।
ਮੌਜੂਦਾ ਸਮੇਂ ਵਿਚ ਪੰਜਾਬ ਵਿਚ ਤਕਰੀਬਨ 50000 ਕੱਚੇ ਮੁਲਾਜ਼ਮ ਵੱਖ ਵੱਖ ਵਿਭਾਗ ਵਿਚ ਕੰਮ ਕਰ ਰਹੇ ਹਨ। ਸਿੱਖਿਆ ਵਿਭਾਗ ਵਿਚ ਸਾਲ 2004 ਤੋਂ ਸਰਵ ਸਿੱਖਿਆ ਅਭਿਆਨ ਤਹਿਤ ਠੇਕੇ ਦੀ ਭਰਤੀ ਕਾਂਗਰਸ ਦੇ ਕਾਰਜਕਾਲ ਦੌਰਾਨ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਅਕਾਲੀ ਭਾਜਪਾ ਸਰਕਾਰ ਨੇ ਇਸ ਵਿਚ ਹੋਰ ਵਾਧਾ ਕਰਦੇ ਹੋਏ ਇਸ ਨੂੰ ਪੂਰਾ ਪ੍ਰਫੁਲੱਤ ਕਰਦੇ ਹੋਏ ਪੱਕੀ ਭਰਤੀ ਬੰਦ ਕਰਕੇ ਨੌਜਵਾਨਾਂ ਦਾ ਸ਼ੋਸ਼ਣ ਕਰਨ ਦਾ ਜ਼ਰੀਆਂ ਬਣਾ ਦਿੱਤਾ।ਨੌਜਵਾਨਾਂ ਕੋਲ ਕੋਈ ਹੋਰ ਰਸਤਾ ਨਾ ਹੋਣ ਤੇ ਨੌਜਵਾਨ ਇਸ ਨੌਕਰੀ ਤੇ ਹਾਜ਼ਰ ਹੁੰਦੇ ਰਹੇ ਤੇ ਲੰਬਾ ਸਮਾਂ ਹੋ ਗਿਆ ਹੈ ਇਹਨਾਂ ਮੁਲਾਜ਼ਮਾਂ ਨੂੰ ਸੰਘਰਸ਼ ਦੇ ਪਿੜ ਵਿਚ ਗੁਜ਼ਰਦਿਆਂ ਨੂੰ। ਸਰਕਾਰ ਸੱਤਾ ਵਿਚ ਆਉਂਦੇ ਸਮੇਂ ਵਾਅਦੇ ਤਾਂ ਕਰਦੀਆਂ ਹਨ ਪਰ ਸੱਤਾ ਵਿਚ ਆ ਕੇ ਭੁੱਲ ਜਾਂਦੀਆਂ ਹਨ। ਅਕਾਲੀ ਭਾਜਪਾ ਸਰਕਾਰ ਨੇ ਵੋਟਾਂ ਦੇ ਨੇੜੇ ਆ ਕੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਬਿੱਲ ਪਾਸ ਕੀਤਾ ਸੀ ਪਰ ਕਾਂਗਰਸ ਨੇ ਸੱਤਾ ਵਿਚ ਆਉਂਦੇ ਹੀ ਉਸ ਨੂੰ ਰੱਦੀ ਦੀ ਟੋਕਰੀ ਵਿਚ ਸੁੱਟ ਦਿੱਤਾ।
ਕਾਂਗਰਸ ਪਾਰਟੀ ਨੇ ਵੀ ਚੋਣਾਂ ਦੌਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਜਿਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 24 ਜਨਵਰੀ 2017 ਨੂੰ ਟਵੀਟ ਵੀ ਕੀਤਾ ਸੀ ਪਰ 4 ਸਾਲ ਬੀਤਣ ਨੂੰ ਆਏ ਤੇ ਮੁਲਾਜ਼ਮ ਸੜਕਾਂ ਤੇ ਹੀ ਹਨ ਸਰਕਾਰ ਨੇ ਮੁਲਾਜ਼ਮਾਂ ਦੀ ਕੋਈ ਗੱਲ ਨਹੀਂ ਸੁਣੀ।ਕਾਂਗਰਸ ਸਰਕਾਰ ਨੇ ਸਰਵ ਸਿੱਖਿਆ ਅਭਿਆਨ ਦੇ 8886 ਅਧਿਆਪਕਾਂ ਨੂੰ ਤਾਂ ਪੱਕਾ ਕਰ ਦਿੱਤਾ ਪਰ ਅਧਿਆਪਕਾਂ ਤੋਂ ਪਹਿਲਾਂ ਦੇ ਕੰਮ ਕਰ ਰਹੇ ਦਫ਼ਤਰੀ ਕਰਮਚਾਰੀਆਂ ਨੂੰ ਅੱਜ ਤੱਕ ਸ਼ੋਸ਼ਣ ਦਾ ਸ਼ਿਕਾਰ ਕੀਤਾ ਜਾ ਰਿਹਾ ਹੈ।
ਮੁਲਾਜ਼ਮ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੂੰ ਠੇਕੇ ਤੇ ਪਈ ਬੋਤਲ ਦੀ ਪੰਜਾਬ ਦੇ ਨੌਜਵਾਨਾਂ ਨਾਲੋਂ ਜ਼ਿਆਦਾ ਫ਼ਿਕਰ ਹੈ। ਕਿਉਂਕਿ ਠੇਕੇ ਤੇ ਪਈ ਸ਼ਰਾਬ ਦੀ ਬੋਤਲ ਦਾ ਤਾਂ ਸਰਕਾਰ ਵੱਲੋਂ ਵੱਧ ਤੋਂ ਵੱਧ ਰੇਟ ਤੈਅ ਕੀਤਾ ਜਾਂਦਾ ਹੈ ਪਰ ਨੌਜਵਾਨਾਂ ਨੂੰ ਘੱਟ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ। 10-15 ਸਾਲ ਕੰਮ ਕਰਨ ਦੇ ਬਾਵਜੂਦ ਵੀ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਰਿਹਾ ਹੈ ਅਤੇ ਮੁਲਾਜ਼ਮ ਨੂੰ ਬਿਨਾ ਕਿਸੇ ਕਾਰਨ ਦੱਸੇ ਕਿਸੇ ਸਮੇਂ ਵੀ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ।ਪੰਜਾਬ ਦਾ ਨੌਜਵਾਨ ਇਸ ਸਮੇਂ ਮੁਸ਼ਕਿਲ ਦੌਰ ਵਿਚ ਇਸ ਕਰ ਕੇ ਹੈ ਕਿ ਪੰਜਾਬ ਵਿਚ ਰੁਜ਼ਗਾਰ ਦਾ ਨਾ ਹੋਣਾ ਜਾਂ ਕੱਚਾ ਰੁਜ਼ਗਾਰ ਹੋਣਾ ਇਸ ਕਰ ਕੇ ਪੰਜਾਬ ਦੀ ਨੌਜਵਾਨੀ ਜ਼ਿਆਦਾ ਵਿਦੇਸ਼ਾਂ ਨੂੰ ਜਾ ਰਹੀ ਹੈ।
ਆਗੂਆਂ ਦਾ ਕਹਿਣਾ ਹੈ ਕਿ ਠੇਕੇ ਤੇ ਪਈ ਸ਼ਰਾਬ ਦੀ ਬੋਤਲ ਦਾ ਹਾਲ ਹੁੰਦਾ ਹੈ ਉਹੀ ਹਾਲ ਇੰਨਾ ਮੁਲਾਜ਼ਮਾਂ ਦਾ ਹੋ ਰਿਹਾ ਹੈ 10-15 ਸਾਲ ਕੰਮ ਕਰਨ ਦੇ ਬਾਵਜੂਦ ਵੀ ਮੁਲਾਜ਼ਮਾਂ ਦੀ ਕੋਈ ਕਦਰ ਨਹੀਂ ਪਾਈ ਜਾ ਰਹੀ ਹੈ। ਮੁਲਾਜ਼ਮ ਆਗੂਆਂ ਵਿਕਾਸ ਕੁਮਾਰ ਅਸੀਸ ਜੁਲਾਹਾ ਪਰਵੀਨ ਸ਼ਰਮਾ ਸਰਬਜੀਤ ਸਿੰਘ ਗੁਰਪ੍ਰੀਤ ਸਿੰਘ ਚਮਕੌਰ ਸਿੰਘ ਦਵਿੰਦਰਜੀਤ ਸਿੰਘ ਹਰਪ੍ਰੀਤ ਸਿੰਘ ਰਜਿੰਦਰ ਸਿੰਘ ਨੇ ਐਲਾਨ ਕੀਤਾ ਹੈ ਕਿ ਵੋਟਾਂ ਦਾ ਦੌਰ ਆ ਗਿਆ ਹੈ ਅਤੇ ਸਰਕਾਰ ਨੇ ਘਰ ਘਰ ਵੋਟਾਂ ਮੰਗਣ ਲਈ ਕਮਰ ਕੱਸ ਲਈ ਹੈ ਪਰ ਸਰਕਾਰ ਦੀ ਸਚਾਈ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਮੁਲਾਜ਼ਮਾਂ ਨੇ ਸੜਕਾਂ ਤੇ ਆਉਣ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੀ ਸ਼ੁਰੂਆਤ 30 ਜਨਵਰੀ ਨੂੰ ਅਬੋਹਰ ਤੋਂ ਕੀਤੀ ਜਾ ਰਹੀ ਹੈ। ਸੂਬੇ ਭਰ ਦੇ ਮੁਲਾਜ਼ਮ 30 ਜਨਵਰੀ ਨੂੰ ਅਬੋਹਰ ਵਿਖੇ ਇਕੱਠੇ ਹੋ ਕੇ ਬਜ਼ਾਰਾਂ ਵਿਚ ਰੋਸ ਮਾਰਚ ਕਰਨਗੇ ਅਤੇ ਸਰਕਾਰ ਦੇ ਝੂਠੇ ਵਾਅਦਿਆਂ ਦੀ ਸਚਾਈ ਨੂੰ ਜਨਤਾ ਦੀ ਕਚਹਿਰੀ ਵਿਚ ਰੱਖਣਗੇ।