ਚੰਡੀਗੜ੍ਹ, 12 ਮਈ 2021 – ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਉੱਘੇ ਕਾਂਗਰਸੀ ਆਗੂ ਅਤੇ ਸੂਬੇ ਦੇ ਰਹਿ ਚੁੱਕੇ ਰਾਜ ਮੰਤਰੀ ਇੰਦਰਜੀਤ ਸਿੰਘ ਜ਼ੀਰਾ ਦੇ ਬੇਵਕਤੀ ਅਕਾਲ ਚਲਾਣੇ ਉੱਤੇ ਡੂੰਘੇ ਅਫ਼ਸੋਸ ਅਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਸ਼੍ਰੀ ਜ਼ੀਰਾ ਦੇ ਸਦੀਵੀ ਵਿਛੋੜੇ ਨਾਲ ਪੰਜਾਬ ਨੇ ਲੋਕ ਹਿੱਤਾਂ ਨੂੰ ਪ੍ਰਣਾਇਆ ਹੋਇਆ ਧੜਲੇਦਾਰ ਆਗੂ ਅਤੇ ਇੱਕ ਨੇਕ ਦਿਲ ਇਨਸਾਨ ਗੁਆ ਲਿਆ ਹੈ।
ਬਾਜਵਾ ਨੇ ਕਿਹਾ ਕਿ ਸਰਦਾਰ ਇੰਦਰਜੀਤ ਸਿੰਘ ਜ਼ੀਰਾ ਦ੍ਰਿੜ ਇਰਾਦੇ, ਬੇਮਿਸਾਲ ਜ਼ੁਰੱਅਤ ਅਤੇ ਕਮਾਲ ਦੀ ਇੱਛਾ ਸ਼ਕਤੀ ਵਾਲੇ ਉਹ ਆਗੂ ਸਨ ਜਿਨ੍ਹਾਂ ਨੇ ਸਾਰੀ ਉਮਰ ਲੋਕਾਂ ਦੀ ਨੇਕ ਨੀਤੀ ਨਾਲ ਸੇਵਾ ਕੀਤੀ।ਉਹਨਾਂ ਕਿਹਾ ਕਿ ਸੂਬੇ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਜੇਲ੍ਹ ਮੰਤਰੀ ਵਜੋਂ ਸ਼੍ਰੀ ਜ਼ੀਰਾ ਵਲੋਂ ਆਪਣੀ ਬਹੁਤ ਥੋੜ੍ਹੀ ਮਿਆਦ ਵਿਚ ਕੀਤੇ ਗਏ ਅਸਰਦਾਰ ਕੰਮ ਅਜੇ ਵੀ ਲੋਕਾਂ ਦੇ ਚੇਤਿਆਂ ਵਿਚ ਵਸੇ ਹੋਏ ਹਨ।
ਪੰਚਾਇਤ ਮੰਤਰੀ ਨੇ ਸ਼੍ਰੀ ਜ਼ੀਰਾ ਦੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਰਹੂਮ ਇੰਦਰਜੀਤ ਸਿੰਘ ਦੇ ਸਦਾ ਲਈ ਤੁਰ ਜਾਣ ਨਾਲ ਉਹਨਾਂ ਨੂੰ ਵੀ ਨਿੱਜੀ ਘਾਟਾ ਪਿਆ ਹੈ ਅਤੇ ਉਹ ਇੱਕ ਬਹੁਤ ਹੀ ਸੁਹਿਰਦ ਦੋਸਤ ਤੋਂ ਵਾਂਝੇ ਹੋ ਗਏ ਹਨ।ਉਹਨਾਂ ਨੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਹੈ ਕਿ ਸ਼੍ਰੀ ਜ਼ੀਰਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਉਹਨਾਂ ਦੇ ਪਰਿਵਾਰ. ਰਿਸ਼ਤੇਦਾਰਾਂ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ।