ਕੈਲੀਫੋਰਨੀਆ, 12 ਜੂਨ 2021 – ਅਮਰੀਕਾ ਵਿੱਚ ਐਰੀਜ਼ੋਨਾ ਦਾ ਇੱਕ ਟਰੱਕ ਡਰਾਈਵਰ ਜਿਸਨੇ ਪਿਛਲੇ ਸਾਲ ਦਸੰਬਰ ‘ਚ ਨੇਵਾਡਾ ਹਾਈਵੇ ‘ਤੇ ਸਾਈਕਲ ਸਵਾਰਾਂ ਨੂੰ ਦਰੜ ਦਿੱਤਾ ਸੀ ਅਤੇ ਇਸ ਹਾਦਸੇ 5 ਸਾਈਕਲ ਸਵਾਰਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਜ਼ਖਮੀ ਹੋ ਗਏ ਸਨ।
ਅਦਾਲਤ ਵੱਲੋਂ ਇਸ ਮਾਮਲੇ ਦੀ ਸੁਣਵਾਈ ਕਰਦੇ ਹੋਏ ਬੁੱਧਵਾਰ ਨੂੰ ਮੈਥਾਮਫੇਟਾਮਾਈਨ ਨਸ਼ੀਲੇ ਪਦਾਰਥ ਦਾ ਸੇਵਨ ਕਰਕੇ ਗੱਡੀ ਚਲਾਉਣ ਦੇ ਦੋਸ਼ ‘ਚ ਟਰੱਕ ਡਰਾਈਵਰ ਨੂੰ ਘੱਟੋ-ਘੱਟ 16 ਸਾਲ ਦੀ ਸਜ਼ਾ ਸੁਣਾਈ ਗਈ ਹੈ।
ਲਾਸ ਵੇਗਸ ਵਿੱਚ ਦੋ ਦਿਨਾਂ ਦੀ ਸੁਣਵਾਈ ਦੇ ਪਹਿਲੇ ਦਿਨ ਮੰਗਲਵਾਰ ਨੂੰ, ਕਲਾਰਕ ਕਾਉਂਟੀ ਡਿਟੈਂਸਨ ਕੇਂਦਰ ਤੋਂ ਵੀਡੀਓ ਰਾਹੀਂ ਗੱਲਬਾਤ ਕਰਨ ਦੌਰਾਨ ਐਰੀਜ਼ੋਨਾ ਦੇ ਕਿੰਗਮੈਨ ਨਾਲ ਸਬੰਧਿਤ 45 ਸਾਲਾਂ ਟਰੱਕ ਡਰਾਈਵਰ ਜਾਰਡਨ ਐਲਗਜ਼ੈਡਰ ਬਾਰਸਨ ਨੇ ਮੁਆਫੀ ਮੰਗੀ ਹੈ।
ਇਸ ਦਰਦਨਾਕ ਹਾਦਸੇ ਵਿੱਚ ਲਾਸ ਵੇਗਸ ਦੇ 39 ਸਾਲਾਂ ਏਰਿਨ ਮਿਸ਼ੇਲ ਰੇ, ਗੇਰਾਰਡ ਸੁਆਰੇਜ਼ ਨੀਵਾ (41), ਮਾਈਕਲ ਟੌਡ ਮਰੇ (57) , ਅਕਸੋ ਅਹਮੇਟ (48) ਅਤੇ ਥਾਮਸ ਚੈਂਬਰਲਿਨ ਟਰੂਗਰ (57) ਨੇ ਆਪਣੀ ਜਾਨ ਗਵਾਈ ਸੀ ਜਦਕਿ ਸਾਈਕਲ ਸਵਾਰ ਜੋਸ ਵਾਸਕੁਜ਼ ਅਤੇ ਜੇਰੋਮ ਡੁਕਰੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਸਨ। ਇਸ ਕੈਦ ਦੀ ਸਜਾ ਦੇ ਨਾਲ ਜੱਜ ਨੇ ਬਾਰਸਨ ਨੂੰ ਪੀੜਤਾਂ ਨੂੰ ਤਕਰੀਬਨ 60,000 ਡਾਲਰ ਮੁਆਵਜ਼ਾ ਦੇਣ ਦਾ ਆਦੇਸ਼ ਵੀ ਦਿੱਤਾ ਹੈ।