ਸ੍ਰੀਨਗਰ, 27 ਜੂਨ 2021 – ਜੰਮੂ ਏਅਰਫੋਰਸ ਸਟੇਸ਼ਨ ਦੇ ਤਕਨੀਕੀ ਖੇਤਰ ਵਿਚ ਐਤਵਾਰ ਵੱਡੇ ਤੜਕੇ ਕਰੀਬ 2 ਵਜੇ ਦੋ ਜ਼ੋਰਦਾਰ ਧਮਾਕੇ ਹੋਏ ਅਤੇ ਇਹ ਦੋ ਧਮਾਕੇ ਪੰਜ ਮਿੰਟ ਦੇ ਅੰਤਰਾਲ ਵਿਚ ਹੀ ਹੋਏ। ਪਹਿਲੇ ਧਮਾਕੇ ਕਾਰਨ ਇਕ ਇਮਾਰਤ ਦੀ ਛੱਤ ਡਿੱਗ ਗਈ ਅਤੇ ਦੂਜਾ ਧਮਾਕਾ ਜ਼ਮੀਨ ‘ਤੇ ਹੋਇਆ। ਭਾਰਤੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਦੋ ਘੱਟ ਤੀਬਰਤਾ ਵਾਲੇ ਧਮਾਕੇ ਹੋਏ ਹਨ। ਇਨ੍ਹਾਂ ਧਮਾਕਿਆਂ ਦੇ ਕਾਰਨਾਂ ਦਾ ਏਜੰਸੀਆਂ ਵਲੋਂ ਪਤਾ ਲਗਾਇਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੰਮੂ ਹਵਾਈ ਅੱਡੇ ‘ਤੇ ਇਹ ਡਰੋਨ ਨਾਲ ਕੀਤਾ ਗਿਆ ਹਮਲਾ ਵੀ ਹੋ ਸਕਦਾ ਹੈ। ਜਿਸ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਧਮਾਕੇ ਦੀ ਸੂਚਨਾ ਮਿਲਦੇ ਹੀ ਜੰਮੂ ਕਸ਼ਮੀਰ ਪੁਲਿਸ ਤੇ ਸੁਰੱਖਿਆ ਏਜੰਸੀਆਂ ਮੌਕੇ ‘ਤੇ ਪੁੱਜੀਆਂ। ਜੰਮੂ ਏਅਰਪੋਰਟ/ਏਅਰਫੋਰਸ ਸਟੇਸ਼ਨ ‘ਤੇ ਹੋਏ ਦੋ ਧਮਾਕਿਆਂ ਦੀ ਜਾਂਚ ਲਈ ਕੌਮੀ ਜਾਂਚ ਏਜੰਸੀ ਮੌਕੇ ‘ਤੇ ਪੁੱਜ ਗਈ ਸੀ। ਇਸ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਫਾਰੈਂਸਿਕ ਟੀਮ ਵਲੋਂ ਮੌਕੇ ‘ਤੇ ਜਾਂਚ ਜਾਰੀ ਹੈ।