… ਕਿਸਾਨ ਅੰਦੋਲਨ ਬਾਰੇ ਵਿਧਾਨ ਸਭਾ ਵਿੱਚ ਗਰਵਰਨਰ ਵੱਲੋਂ ਭਾਸ਼ਨ ਨਾ ਪੜ੍ਹਨਾ ਸ਼ਰਮਨਾਕ : ਅਮਨ ਅਰੋੜਾ
… ਕੈਪਟਨ ਨੂੰ ਚੋਣ ਲੁੱਟਣ ਲਈ ਰਣਨੀਤੀ ਘਾੜਾ ਸਲਾਹਕਾਰ ਤਾਂ ਮਿਲਿਆ, ਪਰ 4 ਸਾਲਾਂ ‘ਚ ਪੰਜਾਬ ਹਿਤੈਸ਼ੀ ਸਲਾਹਕਾਰ ਨਾ ਮਿਲਿਆ
ਚੰਡੀਗੜ੍ਹ, 2 ਮਾਰਚ 2021 – ਆਮ ਆਦਮੀ ਪਾਰਟੀ ਨੇ ਪੰਜਾਬ ਦੇ ਗਵਰਨਰ ਵੱਲੋਂ ਵਿਧਾਨ ਸਭਾ ਵਿੱਚ ਦਿੱਤੇ ਭਾਸ਼ਣ ਦੌਰਾਨ ਕਿਸਾਨ ਅੰਦੋਲਨ ਬਾਰੇ ਲਿਖੇ ਪਰ੍ਹੇ ਨੂੰ ਨਾ ਪੜ੍ਹਿਆ ਜਾਣਾ ਸ਼ਰਮਨਾਕ ਕਰਾਰ ਦਿੱਤਾ ਹੈ। ਅੱਜ ਵਿਧਾਨ ਸਭਾ ਸੈਸ਼ਨ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਰਾਜਪਾਲ ਦੇ ਭਾਸ਼ਣ ਨੂੰ ਝੂਠ ਦਾ ਪਲੰਦਾ ਦੱਸਦੇ ਹੋਏ ਕਿਹਾ ਕਿ ਇਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਗੁਣਗਾਨ ਤੋਂ ਬਿਨਾਂ ਕੁਝ ਨਹੀਂ ਹੈ।
ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਗਰਵਨਰ ਦੇ ਭਾਸ਼ਣ ਵਿੱਚ ਦੇਸ਼ ਭਰ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਬਾਰੇ ਲਿਖਿਆ ਤਾਂ ਜ਼ਰੂਰ ਗਿਆ ਹੈ, ਪ੍ਰੰਤੂ ਇਸ ਨੂੰ ਖੇਤੀ ਪ੍ਰਧਾਨ ਸੂਬੇ ਦੀ ਵਿਧਾਨ ਸਭਾ ਵਿੱਚ ਨਾ ਪੜ੍ਹਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ਪੰਜਾਬ ਵਿਧਾਨ ਸਭਾ ਵਿੱਚ ਪਾਸ ਕੀਤੇ ਖੇਤੀ ਕਾਨੂੰਨਾਂ ਨੂੰ ਪ੍ਰਧਾਨ ਮੰਤਰੀ ਕੋਲ ਪੈਂਡਿੰਗ ਦੱਸਿਆ ਗਿਆ ਹੈ, ਜਦੋਂ ਕਿ ਅਸਲ ਵਿੱਚ ਇਹ ਅਜੇ ਤੱਕ ਪੰਜਾਬ ਦੇ ਗਵਰਨਰ ਕੋਲ ਹੀ ਪਏ ਹਨ, ਪੰਜਾਬ ਦੇ ਲੋਕਾਂ ਨੂੰ ਝੂਠ ਬੋਲਕੇ ਗੁੰਮਰਾਹ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਝੂਠ ਬੋਲਦੀ ਆ ਰਹੀ ਹੈ, ਇਸ ਵਾਰ ਪੰਜਾਬ ਸਰਕਾਰ ਨੇ ਗਵਰਨਰ ਤੋਂ 5ਵੇਂ ਭਾਸ਼ਣ ਵਿੱਚ ਵੀ ਲੋਕਾਂ ਨੂੰ ਗੁੰਮਰਾਹਕੁੰਨ ਭਾਸ਼ਣ ਪੜ੍ਹਿਆ ਹੈ।
ਉਨ੍ਹਾਂ ਕਿਹਾ ਕਿ ਭਾਸ਼ਣ ਵਿੱਚ ਕਿਹਾ ਗਿਆ ਕਿ ਘਰ ਘਰ ਨੌਕਰੀ ਦਿੱਤੀ ਗਈ, ਕਿਸਾਨਾਂ ਦਾ ਕਰਜ਼ਾ ਮੁਆਫ ਕੀਤਾ ਗਿਆ, ਪਰ ਹਕੀਕਤ ਇਹ ਹੈ ਕਿ ਪੰਜਾਬ ਦੇ ਨੌਜਵਾਨਾਂ ਸੜਕਾਂ ਉੱਤੇ ਰੁਜ਼ਗਾਰ ਲਈ ਸੰਘਰਸ਼ ਕਰ ਰਹੇ ਹਨ, ਪੁਲਿਸ ਵੱਲੋਂ ਹੱਕ ਮੰਗਣ ਉੱਤੇ ਕੁੱਟਿਆ ਜਾ ਰਿਹਾ ਹੈ ਅਤੇ ਕਿਸਾਨ ਕਰਜ਼ੇ ਦੀ ਮਾਰ ਹੇਠ ਖੁਦਕੁਸ਼ੀਆਂ ਕਰ ਰਹੇ ਹਨ, ਪਰਿਵਾਰਾਂ ਦੇ ਪਰਿਵਾਰ ਖਤਮ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਪਹਿਲਾਂ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਸ਼ਰ੍ਹੇਆਮ ਤਰ੍ਹਾਂ ਤਰ੍ਹਾਂ ਦਾ ਮਾਫੀਆ ਚਲਾਕੇ ਲੁੱਟ ਕੀਤੀ ਜਾ ਰਹੀ ਸੀ, ਉਸੇ ਤਰ੍ਹਾਂ ਹੀ ਹੁਣ ਕੈਪਟਨ ਸਾਹਿਬ ਇਸ ਮਾਫੀਆ ਰਾਜ ਦਾ ਮੁੱਖੀ ਬਣੇ ਹੋਏ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ 4 ਸਾਲ ਸੱਤਾ ਵਿੱਚ ਰਹਿੰਦੇ ਮਾਫੀਆ ਨੂੰ ਰੋਕਣ ਲਈ ਕੋਈ ਕਦਮ ਨਹੀਂ ਚੁੱਕਿਆ।
ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਹੋਰ ਅਹਿਮ ਮਸਲਿਆਂ ਉੱਤੇ ਚਰਚਾ ਕਰਨ ਦੇ ਲਈ ਸਵਾਲ ਚੁੱਕੇ ਸਨ, ਪ੍ਰੰਤੂ ਸਪੀਕਰ ਸਾਹਿਬ ਨੇ ਗੈਰ ਕਾਨੂੰਨੀ ਢੰਗ ਨਾਲ ਰੱਦ ਕਰ ਦਿੱਤਾ। ਉਨ੍ਹਾਂ ਵਿੱਚ ਅਹਿਮ ਮੁੱਦਾ ਪੰਜਾਬ ਵਿਚ ਅਵਾਰਾ ਪਸ਼ੂਆਂ ਸਬੰਧੀ ਸੀ। ਅਵਾਰਾ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਕਰਕੇ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀਆਂ ਫਸਲਾਂ ਦਾ ਵੱਡਾ ਨੁਕਸਾਨ ਹੁੰਦਾ ਹੈ।
ਦੂਜਾ ਸਭ ਤੋਂ ਮੁੱਦਾ ਸੀ ਮਾਫੀਆ ਰਾਜ ਦਾ ਜੋ ਪੰਜਾਬ ਵਿੱਚ ਸ਼ਰ੍ਹੇਆਮ ਕਾਂਗਰਸ ਦੀ ਮਦਦ ਨਾਲ ਚੱਲ ਰਿਹਾ ਹੈ। ਪੰਜਾਬ ਵਿੱਚ ਚੱਲ ਰਹੇ ਮਾਈਨਿੰਗ ਮਾਫੀਆ ਉੱਤੇ ਚਰਚਾ ਕਰਨ ਲਈ ਨੋਟਿਸ ਦਿੱਤਾ ਗਿਆ ਸੀ, ਪ੍ਰੰਤੂ ਸਪੀਕਰ ਸਾਹਿਬ ਨੇ ਇਸ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਕਿ ਇਹ ਮੁੱਦਾ ਤਾਜਾ ਨਹੀਂ ਹੈ। ਇਹ ਵੀ ਕਿਹਾ ਗਿਆ ਸੀ ਕਿ ਮਾਈਨਿੰਗ ਮਾਫੀਆ ਚਲਾਉਣ ਵਾਲੇ ਵੱਡੇ ਲੋਕਾਂ ਦੇ ਨਾਮ ਨਸ਼ਰ ਕਰ ਦਿੱਤੇ ਜਾਣ ਪ੍ਰੰਤੂ ਇਸ ਉਤੇ ਉਹ ਟਾਲਾ ਵੱਟ ਗਏ। ਉਨ੍ਹਾਂ ਕਿਹਾ ਕਿ ਅਸੀਂ ਕੈਪਟਨ ਸਾਹਿਬ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਉਨ੍ਹਾਂ ਨੂੰ ਅਤੇ ਕਾਂਗਰਸ ਦੇ ਮੰਤਰੀਆਂ ਅਤੇ ਆਗੂਆਂ ਨੂੰ ਕਿੰਨਾ ਕਮਿਸ਼ਨ ਮਿਲਦਾ ਹੈ।
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਅਤੇ ਅਕਾਲੀ-ਭਾਜਪਾ ਸਭ ਮਿਲਕੇ ਮਾਫੀਆ ਰਾਜ ਚਲਾ ਰਹੇ ਹਨ। ਉਨ੍ਹਾਂ 2017 ਦੇ ਵਿਧਾਨ ਸਭਾ ਸੈਸ਼ਨ ਦੇ ਪ੍ਰਿੰਟ ਡਾਕੂਮੈਂਟ ਵਿੱਚੋਂ ਪੜ੍ਹਦਿਆਂ ਦੱਸਿਆ ਕਿ ਉਸ ਸਮੇਂ ਅਕਾਲੀ ਦਲ ਦੇ ਵਿਧਾਇਕ ਜਦੋਂ ਵਿਧਾਨ ਸਭਾ ਵਿੱਚ ਆ ਕੇ ਰੌਲਾ ਪਾ ਰਹੇ ਸਨ ਤਾਂ ਉਨ੍ਹਾਂ ਨੂੰ ਚੁੱਪ ਕਰਾਉਣ ਲਈ ਕੈਪਟਨ ਨੇ ਖੁਦ ਕਿਹਾ ਸੀ ਕਿ ਜੇਕਰ ਉਨ੍ਹਾਂ (ਅਕਾਲੀਆਂ) ਨੇ ਖੱਡਾਂ ਵਿੱਚ ਰੇਤਾਂ ਕੱਢਣਾ ਤਾਂ ਕੱਢੀ ਜਾਣਦਿਓ ਇਸ ਤੋਂ ਬਾਅਦ ਸਾਰੇ ਅਕਾਲੀ ਮੈਂਬਰ ਆਪਣੀਆਂ ਸੀਟਾਂ ਉਤੇ ਚੱਲੇ ਗਏ। ਇਸ ਤੋਂ ਸਿੱਧ ਹੁੰਦਾ ਹੈ ਕਿ ਸਭ ਆਪਸ ਵਿੱਚ ਮਿਲੇ ਹੋਏ ਹਨ।
ਚੋਣ ਰਣਨੀਤੀ ਘਾੜੇ ਪ੍ਰਸ਼ਾਂਤ ਕਿਸ਼ੋਰ ਨੂੰ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਮੁੱਖ ਸਲਾਹਕਾਰ ਬਣਾਏ ਜਾਣ ਉੱਤੇ ਉਨ੍ਹਾਂ ਕਿਹਾ ਕਿ ਕੈਪਟਨ ਸਾਹਿਬ ਪਹਿਲਾਂ ਉਨ੍ਹਾਂ 9 ਨੁਕਤਿਆਂ ਨੂੰ ਉਤੇ ਕੰਮ ਦਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿੱਚ ਜਾਣ, ਜੋ ਉਨ੍ਹਾਂ 2017 ਵਿੱਚ ਕਰਵਾਏ ਸਨ। ਚੋਣਾਂ ਲੁੱਟਣ ਲਈ ਕੈਪਟਨ ਅਮਰਿੰਦਰ ਨੂੰ ਰਾਣਨੀਤੀ ਘਾੜਾ ਤਾਂ ਮਿਲ ਗਿਆ ਹੈ, ਪਰ ਪੰਜਾਬ ਵਿੱਚ ਮਾਫੀਆ ਰਾਜ ਖਤਮ ਕਰਨ ਅਤੇ ਕਰਜ਼ੇ ਮਾਰ ਵਿੱਚ ਪੰਜਾਬ ਨੂੰ ਕੱਢਣ ਲਈ ਕੋਈ ਸਲਾਹਕਾਰ ਨਹੀਂ ਮਿਲਿਆ।