ਮੋਦੀ ਦੇ ਇਸ਼ਾਰੇ ਤੇ ਹੋਇਆ ਹੈ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅਨੈਤਿਕ ਗੱਠਬੰਧਨ- ਰਾਘਵ ਚੱਢਾ

  • ਅਕਾਲੀ-ਬਸਪਾ ਦੇ ਰਸਮੀ ਗੱਠਜੋੜ ਦੇ ਨਾਲ ਨਾਲ ਅਕਾਲੀ ਦਲ -ਕਾਂਗਰਸ-ਬਸਪਾ ਅਤੇ ਭਾਜਪਾ ਦਾ ਗੈਰ ਰਸਮੀ ਗੱਠਜੋੜ ਵੀ ਪੰਜਾਬ ਵਿੱਚ ਕਰ ਰਿਹਾ ਹੈ ਕੰਮ
  • ਬਾਬਾ ਸਾਹਿਬ ਦਾ ਅਪਮਾਨ ਕਰਨ ਵਾਲੀ ਅਕਾਲੀ ਦਲ ਨਾਲ ਬਸਪਾ ਦਾ ਗੱਠਜੋੜ ਨਿੰਦਣਯੋਗ-ਹਰਪਾਲ ਚੀਮਾ
  • ਆਪ ਨੂੰ ਰੋਕਣ ਲਈ ਸਾਰੀਆਂ ਪਾਰਟੀਆਂ ਆਪਸ ਵਿਚ ਮਿਲ ਕੇ ਕਰ ਰਹੀਆਂ ਹਨ ਕਾਰਜ

ਚੰਡੀਗੜ੍ਹ, 12 ਜੂਨ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸ੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਗੱਠਜੋੜ ਨੂੰ ਪੰਜਾਬ ਵਿਰੋਧੀ ਅਤੇ ਨਾਪਾਕ ਕਰਾਰ ਦਿੱਤਾ ਹੈ ਅਤੇ ਕਿਹਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਹ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿਸਾ ਨਿਰਦੇਸਾਂ ‘ਤੇ ਇਸ ਗਠਜੋੜ ਦਾ ਵਜੂਦ ਬਣਾਇਆ ਗਿਆ ਹੈ।

ਸਨੀਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਆਪ ਦੇ ਦਿੱਲੀ ਤੋਂ ਵਿਧਾਇਕ ਅਤੇ ਪੰਜਾਬ ਮਾਮਲਿਆਂ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਲੋਕਾਂ ਵੱਲੋਂ ਮਿਲ ਰਹੇ ਪਿਆਰ ਤੋਂ ਪੰਜਾਬ ਵਿਰੋਧੀ ਪਾਰਟੀਆਂ ਘਬਰਾ ਰਹੀਆਂ ਹਨ। ਇਸ ਲਈ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਹੁਣ ਰਸਮੀ ਅਤੇ ਗੈਰ ਰਸਮੀ ਭਾਵ ਦੋ ਤਰ੍ਹਾਂ ਦੇ ਗੱਠਜੋੜ ਪੰਜਾਬ ਨੂੰ ਲੁੱਟਣ ਤੇ ਕੁੱਟਣ ਵਾਲੀਆਂ ਪਾਰਟੀਆਂ ਵੱਲੋਂ ਕੀਤੇ ਗਏ ਹਨ।

ਚੱਢਾ ਨੇ ਕਿਹਾ ਕਿ ਪਹਿਲਾ ਰਸਮੀ ਗੱਠਜੋੜ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਦੋਂ ਕਿ ਦੂਜਾ ਗੈਰ ਰਸਮੀ ਗਠਜੋੜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਕਾਂਗਰਸ, ਸ੍ਰੋਮਣੀ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੈ। ਉਨ੍ਹਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਕਠਪੁਤਲੀਆਂ ਪਾਰਟੀਆਂ ਹਨ, ਜਦੋਂ ਕਿ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਬੌਸ ਮੰਨਦੇ ਹਨ। ਇਸ ਮੌਕੇ ਉਨ੍ਹਾਂ ਨਾਲ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਵਿਧਾਇਕ ਪ੍ਰੋਫੈਸਰ ਬਲਜਿੰਦਰ ਕੌਰ, ਵਿਧਾਇਕ ਮਾਸਟਰ ਬਲਦੇਵ ਸਿੰਘ ਅਤੇ ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਮੌਜੂਦ ਸਨ।

ਆਪ ਆਗੂਆਂ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਆਪਣੇ ਆਪ ਨੂੰ ਦਲਿਤਾਂ ਦੀ ਅਗਵਾਈ ਵਾਲੀ ਪਾਰਟੀ ਦੱਸਦੀ ਹੈ ਪ੍ਰੰਤੂ ਦਲਿਤਾਂ ਉੱਤੇ ਅੱਤਿਆਚਾਰ ਕਰਨ ਵਾਲੇ ਅਕਾਲੀ ਦਲ ਨਾਲ ਮਿਲ ਕੇ ਕਾਰਜ ਕਰ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਕਰਕੇ ਬਹੁਜਨ ਸਮਾਜ ਪਾਰਟੀ ਨੇ ਬਾਬੂ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਛਿੱਕੇ ਟੰਗ ਦਿੱਤਾ ਹੈ। ਆਪ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਨੇ ਹੀ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਵੱਲੋਂ ਲਿਖੇ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ ਸਨ ਅਤੇ ਬਾਬਾ ਸਾਹਿਬ ਖ਼ਿਲਾਫ਼ ਪ੍ਰਦਰਸ਼ਨ ਕੀਤੇ ਸਨ ਅਤੇ ਅੱਜ ਬਸਪਾ ਉਨ੍ਹਾਂ ਦੇ ਨਾਲ ਹੀ ਗਠਬੰਧਨ ਕਰਕੇ ਚੋਣਾਂ ਲੜਨ ਦੀ ਤਿਆਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਭਾਜਪਾ ਦੇ ਸਮੇਂ ਦੌਰਾਨ ਹੀ ਦਲਿਤਾਂ ਉੱਤੇ ਸਭ ਤੋਂ ਵੱਧ ਅੱਤਿਆਚਾਰ ਹੋਏ ਹਨ ਅਤੇ ਦਲਿਤਾਂ ਦੀਆਂ ਧੀਆਂ ਨੂੰ ਬੱਸਾਂ ਵਿੱਚੋਂ ਉਤਾਰ ਉਤਾਰ ਕੇ ਸੁੱਟਿਆ ਗਿਆ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਇਸ ਸਮੇਂ ਆਪਣਾ ਵਜੂਦ ਗੁਆ ਚੁੱਕਿਆ ਹੈ ਅਤੇ ਬਸਪਾ ਦਾ ਵੀ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈ ਇਸ ਲਈ ਜ਼ੀਰੋ ਅਤੇ ਜ਼ੀਰੋ ਮਿਲ ਕੇ ਜ਼ੀਰੋ ਹੀ ਬਣਨਗੇ। ਉਨ੍ਹਾਂ ਕਿਹਾ ਕਿ ਬਾਬੂ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਬਸਪਾ ਧਨਾਢਾਂ ਦੀ ਪਾਰਟੀ ਬਣ ਕੇ ਰਹਿ ਗਈ ਹੈ ਤੇ ਜਿਸ ਤਰ੍ਹਾਂ ਪੰਜਾਬ ਵਿੱਚ ਅਕਾਲੀ ਦਲ ਨੇ ਲੋਕਾਂ ਨੂੰ ਲੁੱਟਿਆ ਤੇ ਕੁੱਟਿਆ ਉਸ ਨੀਤੀ ਤੇ ਕੰਮ ਕਰਦਿਆਂ ਬਸਪਾ ਨੇ ਵੀ ਭ੍ਰਿਸ਼ਟਾਚਾਰ ਦੀ ਹੱਦ ਪੁਗਾਈ ਹੈ। ਪੰਜਾਬ ਦੇ ਕਿਸਾਨਾਂ ਅਤੇ ਖੇਤ ਮਜਦੂਰਾਂ ਦੀ ਪਿੱਠ ਚ ਛੁਰਾ ਮਾਰ ਕੇ ਕਾਲੇ ਕਾਨੂੰਨਾਂ ਉੱਤੇ ਹਸਤਾਖਰ ਕਰਨ ਵਾਲੀ ਅਕਾਲੀ ਦਲ ਨਾਲ ਬਸਪਾ ਵੱਲੋਂ ਗੱਠਜੋੜ ਕਰਕੇ ਕਿਸਾਨ-ਖੇਤ ਮਜਦੂਰ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਹੋਏ ਗ਼ਰੀਬ ਬੱਚਿਆਂ ਦੇ ਵਜੀਫਾ ਘੁਟਾਲੇ ਕਾਰਨ ਅੱਜ ਵੀ ਦਲਿਤ ਬੱਚਿਆਂ ਦੇ ਡਿਗਰੀਆਂ ਰੋਕੀਆਂ ਗਈਆਂ ਹਨ ਜਿਸ ਕਾਰਨ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਰਹੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਕਾਲਰਸ਼ਿਪ ਘੁਟਾਲੇ ਵਿੱਚ ਧਰਮਸੋਤ ਦੀ ਗ੍ਰਿਫ਼ਤਾਰੀ ਲਈ ਆਪ ਨੇ ਸੂਬੇ ਭਰ ਵਿੱਚ ਕੀਤੇ ਰੋਸ ਮੁਜ਼ਾਹਰੇ

ਜੈਪਾਲ ਭੁੱਲਰ ਦੇ ਸਾਥੀ ਜਸਪ੍ਰੀਤ ਜੱਸੀ ਦਾ ਕੀਤਾ ਗਿਆ ਅੰਤਿਮ ਸਸਕਾਰ