ਕੈਲੀਫੋਰਨੀਆ, 30 ਜੂਨ 2021 – ਅਮਰੀਕਾ ਨੇ ਭਾਰਤ ਨੂੰ ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰਨ ਅਤੇ ਭਵਿੱਖ ਦੀਆਂ ਸਿਹਤ ਸਮੱਸਿਆਵਾਂ ਲਈ ਦੇਸ਼ ਦੀ ਤਿਆਰੀ ਨੂੰ ਮਜ਼ਬੂਤ ਕਰਨ ਲਈ 41 ਮਿਲੀਅਨ ਡਾਲਰ ਦੀ ਵਾਧੂ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ।
ਅਪ੍ਰੈਲ ਅਤੇ ਮਈ ਵਿੱਚ, ਭਾਰਤ ਨੇ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਦੌਰਾਨ ਰੋਜ਼ਾਨਾ ਦੇ ਹਜਾਰਾਂ ਨਵੇਂ ਕੇਸਾਂ ਦਾ ਸਾਹਮਣਾ ਕੀਤਾ ਸੀ ਅਤੇ ਹਸਪਤਾਲ ਵੀ ਮੈਡੀਕਲ ਆਕਸੀਜਨ ਅਤੇ ਬਿਸਤਰਿਆਂ ਦੀ ਘਾਟ ਨਾਲ ਜੂਝ ਰਹੇ ਸਨ। ਅਮਰੀਕਾ ਦੀ ਇੰਟਰਨੈਸ਼ਨਲ ਡਿਵੈਲਪਮੈਂਟ ਏਜੰਸੀ (ਯੂ ਐੱਸ ਏ ਆਈ ਡੀ) ਅਨੁਸਾਰ ਅਮਰੀਕਾ ਸੰਕਟ ਦੇ ਸਮੇਂ ਦੌਰਾਨ ਭਾਰਤ ਦੀ ਸਹਾਇਤਾ ਲਈ ਅੱਗੇ ਆਇਆ ਸੀ ਅਤੇ ਯੂ ਐੱਸ ਏ ਆਈ ਡੀ ਨੇ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਭਾਰਤ ਦੇ ਕੋਵਿਡ -19 ਰਾਹਤ ਦੇ ਯਤਨਾਂ ਲਈ ਤਕਰੀਬਨ 200 ਮਿਲੀਅਨ ਡਾਲਰ ਤੋਂ ਵੱਧ ਦਾ ਯੋਗਦਾਨ ਪਾਇਆ ਹੈ, ਜਿਸ ਵਿੱਚ ਸੰਕਟਕਾਲੀ ਸਪਲਾਈ ਵਿੱਚ 50 ਮਿਲੀਅਨ ਡਾਲਰ ਤੋਂ ਵੱਧ ਅਤੇ ਵਾਇਰਸ ਦੀ ਰੋਕਥਾਮ ਅਤੇ ਨਿਯੰਤਰਣ ਬਾਰੇ 214,000 ਤੋਂ ਵਧੇਰੇ ਸਿਹਤ ਕਰਮਚਾਰੀਆਂ ਨੂੰ ਸਿਖਲਾਈ ਦੇਣਾ ਸ਼ਾਮਲ ਹੈ।