- 45 ਸਾਲ ਤੋਂ ਵੱਧ ਉਮਰ, ਫਰੰਟਲਾਈਨ ਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਦੇ ਕੋਟੇ ਦੇ 45,53,187 ਟੀਕੇ ਲਗਾਏ
- 18-44 ਉਮਰ ਵਰਗ ਲਈ ਸੂਬਾ ਸਰਕਾਰ ਵੱਲੋਂ ਬਣਾਏ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ
ਚੰਡੀਗੜ੍ਹ, 29 ਮਈ 2021 – ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਵੱਲੋਂ ਵਿੱਢੇ ਮਿਸ਼ਨ ਫਤਹਿ ਪ੍ਰੋਗਰਾਮ ਤਹਿਤ ਜਿੱਥੇ ਸੁਰੱਖਿਆ ਇਹਤਿਆਤਾਂ ਅਤੇ ਬੰਦਸ਼ਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਉਥੇ ਸੂਬੇ ਵਿੱਚ ਟੀਕਾਕਰਨ ਦੀ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਂਦਿਆਂ ਹੁਣ ਤੱਕ 50 ਲੱਖ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰ ਲਿਆ ਹੈ।
ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਖੁਲਾਸਾ ਕਰਦਿਆਂ ਸੂਬੇ ਦੇ ਟੀਕਾਕਰਨ ਬਾਰੇ ਸਟੇਟ ਨੋਡਲ ਅਫਸਰ ਸ੍ਰੀ ਵਿਕਾਸ ਗਰਗ ਨੇ ਦੱਸਿਆ ਕਿ 29 ਮਈ, 2021 ਤੱਕ ਪੰਜਾਬ ਵਿੱਚ ਕੋਵਿਡ ਦੇ ਟੀਕਿਆਂ ਦੀਆਂ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਗਰਗ ਨੇ ਦੱਸਿਆ ਕਿ ਸੂਬੇ ਵਿੱਚ 45 ਸਾਲ ਤੋਂ ਵੱਧ ਉਮਰ ਵਰਗ, ਫਰੰਟਲਾਈਨ ਅਤੇ ਸਿਹਤ ਕਾਮਿਆਂ ਲਈ ਭਾਰਤ ਸਰਕਾਰ ਵੱਲੋਂ ਮਿਲੇ ਟੀਕਿਆਂ ਦੇ ਕੋਟੇ ਵਿੱਚੋਂ 45,53,187 ਟੀਕੇ ਲਗਾਏ ਗਏ ਹਨ ਜਦੋਂ ਕਿ ਸੂਬਾ ਸਰਕਾਰ ਵੱਲੋਂ 18-44 ਉਮਰ ਵਰਗ ਦੇ ਬਣਾਏ ਸਾਰੇ ਤਰਜੀਹੀ ਗਰੁੱਪਾਂ ਦੇ ਕੁੱਲ 4,52,580 ਟੀਕੇ ਲਗਾਏ ਲਗਾਏ ਜਾ ਚੁੱਕੇ ਹਨ। ਇਸ ਤਰ੍ਹਾਂ ਅੱਜ ਤੱਕ ਕੁੱਲ 50,05,767 ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ।
ਟੀਕਾਕਰਨ ਦੇ ਅੰਕੜੇ ਵਿਸਥਾਰ ਵਿੱਚ ਦਿੰਦਿਆਂ ਸਟੇਟ ਨੋਡਲ ਅਫਸਰ ਨੇ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਦਿੱਤੇ ਕੋਟੇ ਦੀਆਂ ਲਗਾਈਆਂ 45,53,187 ਖੁਰਾਕਾਂ ਵਿੱਚੋਂ ਕੋਵੀਸ਼ੀਲਡ ਲਗਾਉਣ ਵਾਲੇ 41,40,179 ਹਨ ਜਦੋਂ ਕਿ ਕੋਵੈਕਸੀਨ ਵਾਲੇ 4,13,008 ਹਨ। ਇਨ੍ਹਾਂ ਵਿੱਚ ਪਹਿਲੀ ਖੁਰਾਕ ਵਾਲੇ 38,01,062 ਅਤੇ ਦੂਜੀ ਖੁਰਾਕ ਵਾਲੇ 7,52,125 ਸ਼ਾਮਲ ਹਨ। ਵਰਗਾਂ ਦੀ ਗੱਲ ਕਰੀਏ ਤਾਂ 45 ਸਾਲ ਤੋਂ ਵੱਧ ਉਮਰ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ 32,83,848 ਹੈ ਜਿਨ੍ਹਾਂ ਨੇ ਟੀਕੇ ਲਗਾਏ ਹਨ ਜਦੋਂ ਕਿ ਫਰੰਟਲਾਈਨ ਵਰਕਰਾਂ ਦੀ ਗਿਣਤੀ 9,63,881 ਅਤੇ ਸਿਹਤ ਕਾਮਿਆਂ ਦੀ 3,05,458 ਹੈ। ਇਨ੍ਹਾਂ ਵਿੱਚ ਪ੍ਰਾਈਵੇਟ ਤੌਰ ‘ਤੇ ਲਗਾਉਣ ਵਾਲਿਆਂ ਦੀ ਗਿਣਤੀ 28,958 ਵੀ ਸ਼ਾਮਲ ਹੈ ਜਿਨ੍ਹਾਂ ਵਿੱਚ ਕੋਵੀਸ਼ੀਲਡ ਵਾਲੇ 21625 ਤੇ ਕੋਵੈਕਸੀਨ ਵਾਲੇ 7343 ਸ਼ਾਮਲ ਹਨ।
ਸ੍ਰੀ ਗਰਗ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ 18-44 ਸਾਲ ਵਰਗ ਲਈ ਬਣਾਏ ਤਰਜੀਹੀ ਗਰੁੱਪਾਂ ਵਿੱਚੋਂ 86,581 ਸਹਿ ਬਿਮਾਰੀਆਂ ਵਾਲੇ ਸਮੇਤ 2520 ਜੇਲ੍ਹ ਕੈਦੀ, 3,01,981 ਉਸਾਰੀ ਕਾਮੇ ਤੇ ਉਨ੍ਹਾਂ ਦੇ ਪਰਿਵਾਰ ਵਾਲੇ, 64,395 ਸਿਹਤ ਵਰਕਰਾਂ ਦੇ ਪਰਿਵਾਰ ਵਾਲੇ ਅਤੇ 1103 ਪ੍ਰਾਈਵੇਟ ਸਨਅਤੀ ਕਾਮਿਆਂ ਦੇ ਟੀਕੇ ਲਗਾਏ ਜਾ ਚੁੱਕੇ ਹਨ। ਇਨ੍ਹਾਂ ਸਾਰਿਆਂ ਦੀ ਕੁੱਲ ਗਿਣਤੀ 4,52,580 ਬਣਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੂਬੇ ਨੇ 13.25 ਕਰੋੜ ਰੁਪਏ ਦੀ ਲਾਗਤ ਨਾਲ ਕੋਵੀਸ਼ੀਲਡ ਦੀਆਂ 4.29 ਲੱਖ ਖੁਰਾਕਾਂ ਅਤੇ 4.70 ਕਰੋੜ ਰੁਪਏ ਦੀ ਲਾਗਤ ਨਾਲ ਕੋਵੈਕਸੀਨ ਦੀਆਂ 1,14,190 ਖੁਰਾਕਾਂ ਖਰੀਦੀਆਂ।