… ਲੋਕ ਕੋਰੋਨਾ ਤੋਂ ਬਚਾਅ ਲਈ ਬਿਨ੍ਹਾਂ ਕਿਸੇ ਡਰ- ਭੈਅ ਤੋਂ ਕੋਰੋਨਾ ਦਾ ਟੀਕਾ ਲਗਵਾਉਣ
ਚੰਡੀਗੜ੍ਹ, 9 ਮਈ 2021 – ਆਮ ਆਦਮੀ ਪਾਰਟੀ (ਆਪ) ਦੀ ਵਿਧਾਇਕ ਅਤੇ ਨੌਜਵਾਨ ਵਿੰਗ ਪੰਜਾਬ ਦੇ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਕੇਵਲ ਤੇ ਕੇਵਲ ਟੀਕਾਕਰਨ ਹੀ ਇੱਕ ਉਪਾਅ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਤੋਂ ਬਚਾਅ ਲਈ ਉਹ ਬਿਨ੍ਹਾਂ ਕਿਸੇ ਡਰ- ਭੈਅ ਤੋਂ ਕੋਰੋਨਾ ਦਾ ਟੀਕਾ ਜ਼ਰੂਰ ਲਗਵਾਉਣ।
ਐਤਵਾਰ ਨੂੰ ਪਾਰਟੀ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਜੇ ਕੋਰੋਨਾ ਵਾਇਰਸ ਤੋਂ ਬਚਾਅ ਲਈ ਪਹਿਲਾਂ ਹੀ ਟੀਕਾ ਲਗਵਾ ਲਿਆ ਜਾਵੇ ਤਾਂ ਕੋਰੋਨਾ ਕਾਰਨ ਹੋਣ ਵਾਲੀਆਂ ਮੌਤਾਂ ਵਿੱਚ ਵੱਡੀ ਕਮੀ ਆਵੇਗੀ ਅਤੇ ਪੀੜਤ ਮਰੀਜਾਂ ਦੀ ਗਿਣਤੀ ਵਿੱਚ ਵੀ ਕਮੀ ਹੋਵੇਗੀ। ਉਨ੍ਹਾਂ ਕਿਹਾ ਕਿ ਟੀਕਾਕਰਨ ਹੋਣ ਨਾਲ ਵਿਅਕਤੀ ਦੇ ਸਰੀਰ ਵਿੱਚ ਕੋਰੋਨਾ ਨਾਲ ਲੜਨ ਲਈ ਤਾਕਤ ਵਧੇਗੀ, ਜੋ ਕਿ ਬਿਨ੍ਹਾਂ ਟੀਕਾ ਲਗਵਾਏ ਵਿਅਕਤੀ ਨਾਲੋਂ ਜ਼ਿਆਦਾ ਰੱਖਿਆ ਦਾਇਕ ਹੈ।

ਵਿਧਾਇਕ ਮੀਤ ਹੇਅਰ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਟੀਕਾ ਕੇਂਦਰਾਂ ‘ਤੇ ਜਾ ਕੇ ਟੀਕਾ ਜ਼ਰੂਰ ਲਗਾਉਣ। ਉਨ੍ਹਾਂ ਕਿਹਾ ਇਸ ਵਰਗ ਦੇ ਉਹ ਵਿਅਕਤੀ ਜਿਹੜੇ ਇਮਾਰਤ ਉਸਾਰੀ, ਅਧਿਆਪਕ, ਸਰਕਾਰੀ ਮੁਲਾਜ਼ਮ ਅਤੇ ਹੋਰ ਕੰਮ ਕਰਦੇ ਹਨ ਪਹਿਲ ਦੇ ਆਧਾਰ ‘ਤੇ ਟੀਕਾਕਰਨ ਵਿੱਚ ਸ਼ਾਮਲ ਹੋਣ, ਕਿਉਂਕਿ ਉਨ੍ਹਾਂ ਦਾ ਹੋਰਨਾਂ ਵਿਅਕਤੀਆਂ ਨਾਲ ਮਿਲਵਰਣ ਆਮ ਨਾਲੋਂ ਜ਼ਿਆਦਾ ਹੁੰਦਾ ਹੈ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਦੇ ਪ੍ਰਕੋਪ ਰੋਕਣ ਲਈ ਸੂਬਾ ਭਰ ‘ਚ ਟੀਕੇ ਦੀ ਲੋੜੀਂਦੀ ਮਾਤਰਾ ਦਾ ਪ੍ਰਬੰਧ ਕੀਤਾ ਜਾਵੇ। ਬਿਨ੍ਹਾਂ ਕਿਸੇ ਦੇਰੀ ਤੋਂ ਕੈਪਟਨ ਸਰਕਾਰ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਵਿੱਚ ਟੀਕਾ ਕੇਂਦਰ ਸਥਾਪਤ ਕਰੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਟੀਕਾਕਰਨ ਦਾ ਪ੍ਰਬੰਧ ਨਾ ਕਰ ਸਕੀ ਤਾਂ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਸੂਬੇ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ।
ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਦਵਾਈਆਂ ਦਾ ਖ਼ਰਚ ਉਠਾ ਕੇ ਲੋਕਾਂ ਲਈ ਮੁਫ਼ਤ ਟੀਕਾਕਰਨ ਦਾ ਪ੍ਰਬੰਧ ਕਰਨਾ ਚਾਹੀਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਹੁਣ ਤੱਕ ਦੀ ਸਥਿਤੀ ਤੋਂ ਪਤਾ ਲੱਗਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਕੋਰੋਨਾ ਦੌਰ ਵਿੱਚ ਸਿਹਤ ਸੇਵਾਵਾਂ ਦਾ ਸੁਚੱਜਾ ਪ੍ਰਬੰਧ ਕਰਨ ਅਤੇ ਲੋਕਾਂ ਦੀਆਂ ਜਾਨਾਂ ਬਚਾਉਣ ਵਿੱਚ ਪੂਰਨ ਤੌਰ ‘ਤੇ ਫੇਲ ਹੋਈ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਨਵਾ ਸਟ੍ਰੇਨ ਪੂਰੇ ਦੇਸ਼ ਸਮੇਤ ਪੰਜਾਬ ਵਿੱਚ ਵੀ ਵੱਡੀ ਪੱਧਰ ‘ਤੇ ਫੈਲ ਰਿਹਾ ਹੈ, ਜੋ ਕਿ ਨੌਜਵਾਨ ਵਰਗ ਨੂੰ ਬਹੁਤ ਜ਼ਿਆਦਾ ਬਿਮਾਰ ਕਰਦਾ ਹੈ। ਨਾ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਨਾ ਹੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਾਉਣ ਲਈ ਢੁਕਵੇਂ ਪ੍ਰਬੰੇਧ ਕੀਤੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਦਾ ਵਿਕਸਤ ਸੂਬਾ ਹੈ, ਪਰ ਇੱਥੇ ਸੁਚੱਜੇ ਪ੍ਰਬੰਧਾਂ ਦੀ ਘਾਟ ਕਾਰਨ ਮੌਤ ਦਰ 2.4 ਫੀਸਦੀ ਹੈ, ਜੋ ਦੇਸ਼ ਦੀ ਔਸਤ ਮੌਤ ਦਰ ਤੋਂ ਕਿਤੇ ਜ਼ਿਆਦਾ ਹੈ। ਇਸ ਲਈ ਸੂਬੇ ਦੇ ਲੋਕਾਂ ਨੂੰ ਅਪੀਲ ਹੈ ਕਿ ਜਿੱਥੇ ਵੀ ਸੰਭਵ ਹੋਵੇ ਟੀਕਾ ਜ਼ਰੂਰ ਲਗਵਾਉਣ।
ਮੀਤ ਹੇਅਰ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਕੋਵਿਡ ਦੀ ਪਹਿਲੀ ਲਹਿਰ ਬੀਤ ਜਾਣ ਅਤੇ ਦੂਜੀ ਲਹਿਰ ਦੀ ਚੇਤਾਵਨੀ ਦੇ ਬਾਵਜੂਦ ਸੂਬੇ ਵਿੱਚ ਸਿਹਤ ਸੇਵਾਵਾਂ ਦਾ ਚੰਗਾ ਪ੍ਰਬੰਧ ਨਹੀਂ ਕੀਤਾ, ਜਿਸ ਕਾਰਨ ਸੂਬੇ ਦੇ ਬਹੁਤ ਸਾਰੇ ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪਈ। ਭਾਵੇਂ ਸਰਕਾਰ ਨੇ ਆਪਣੀਆਂ ਨਾ ਨਾਕਾਮੀਆਂ ਛੁਪਾਉਣ ਲਈ ਅੰਸ਼ਿਕ ਤਾਲਾਬੰਦੀ ਦਾ ਸਹਾਰਾ ਲਿਆ, ਪਰ ਸਰਕਾਰ ਤਾਲਾਬੰਦੀ ਦੌਰਾਨ ਦਵਾਈਆਂ, ਆਕਸੀਜਨ,ਅਤੇ ਹੋਰ ਜੀਵਨ ਬਚਾਉ ਸਾਧਨਾਂ ਦੀ ਕਾਲਾਬਜਾਰੀ ਰੋਕਣ ਵਿੱਚ ਫ਼ੇਲ ਸਾਬਤ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਸੂਬੇ ਭਰ ਵਿੱਚ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਹੋ ਰਹੀ ਕਾਲਾਬਜਾਰੀ ਨੂੰ ਤੁਰੰਤ ਨੱਥ ਪਾਈ ਜਾਵੇ।
