ਚੰਡੀਗੜ੍ਹ, 12 ਜੂਨ 2021 – ਦੁਬਈ ਵਿਚ ਫਸੇ ਪੰਜਾਬ ਦੇ ਨੌਜਵਾਨਾਂ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਜਿਸ ‘ਚ ਉਹਨਾਂ ਨੇ ਭਾਰਤ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਿਸ ਲਿਆਂਦਾ ਜਾਵੇ।
ਵੀਡੀਓ ‘ਚ ਦੁਬਈ ‘ਚ ਫਸੇ ਇਹਨਾਂ ਨੌਜਵਾਨਾਂ ਦਾ ਕਹਿਣਾ ਹੈ ਕੇ ਏਜੰਟਾਂ ਨੇ ਉਨ੍ਹਾਂ ਕੋਲੋਂ ਲੱਖਾਂ ਰੁਪਏ ਲੈ ਕੇ ਵਰਕ ਪਰਮਿਟ ਅਤੇ ਟੂਰਿਸਟ ਵੀਜ਼ਾ ਦੇ ਕੇ ਭੇਜਿਆ ਸੀ, ਪਰ ਕਰੀਬ ਤਿੰਨ ਮਹੀਨੇ ਹੋ ਗਏ ਹਨ ਨਾ ਤਾਂ ਕਿਸੇ ਕੰਪਨੀ ਦਾ ਅਧਿਕਾਰੀ ਉਨ੍ਹਾਂ ਕੋਲ ਆਇਆ ਅਤੇ ਨਾ ਹੀ ਕੋਈ ਕੰਮ ਮਿਲਿਆ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਖਾਣ ਲਈ ਵੀ ਪੈਸੇ ਨਹੀਂ ਹਨ ਅਤੇ ਕੁਝ ਨੌਜਵਾਨ ਬੀਮਾਰ ਵੀ ਹੋ ਗਏ ਹਨ। ਇਹ ਨੌਜਵਾਨ ਜ਼ਿਲ੍ਹਾ ਗੁਰਦਾਸਪੁਰ ਦੇ ਦੀਨਾਨਗਰ ਅਤੇ ਪਠਾਨਕੋਟ ਦੇ ਰਹਿਣ ਵਾਲੇ ਹਨ।
ਇਸ ਵੀਡੀਓ ਬਾਰੇ ਸੀਨੀਅਰ ਪੁਲਸ ਕਪਤਾਨ ਗੁਰਦਾਸਪੁਰ ਡਾ.ਨਾਨਕ ਸਿੰਘ ਆਈ.ਪੀ.ਐੱਸ ਨੇ ਦੱਸਿਆ ਕਿ ਇਹ ਵੀਡੀਓ ਹੁਣ ਦੀ ਨਹੀਂ ਹੈ, ਸਗੋਂ ਪੁਰਾਣੀ ਹੈ। ਡਾ.ਨਾਨਕ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਦੁਬਈ ’ਚ ਫਸੇ ਨੌਜਵਾਨਾਂ ਦੀ ਇਹ ਵੀਡੀਓ ਕਾਫ਼ੀ ਪੁਰਾਣੀ ਹੈ। ਉਕਤ ਸਾਰੇ ਨੌਜਵਾਨ ਦੁਬਈ ਤੋਂ ਸੁਰੱਖਿਅਤ ਘਰ ਵਾਪਸ ਆ ਚੁੱਕੇ ਹਨ।