- ਦਿੱਤੀ ਚੁਣੌਤੀ ਤੇ ਕਿਹਾ ਕਿ ਕੋਈ ਸਬੂਤ ਤਾਂ ਸਾਹਮਣੇ ਲਿਆਓ, ਅਸੀਂ ਕੇਸ ਲੜਾਂਗੇ
ਨਵੀਂ ਦਿੱਲੀ, 15 ਮਈ 2021 – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਤੇ ਪਰਮਜੀਤ ਸਿੰਘ ਸਰਨਾ ਨੂੰ ਸਵਾਲ ਕੀਤਾ ਹੈ ਕਿ ਉਹਨਾਂ ਨੇ 1984 ਦੇ ਸਿੱਖ ਕਤਲੇਆਮ ਕੇਸਾਂ ਦੇ ਮਾਮਲੇ ਵਿਚ ਆਪਣੇ ਕਾਰਜਕਾਲ ਵੇਲੇ ਅਮਿਤਾਭ ਬੱਚਨ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ? ਉਹਨਾਂ ਕਿਹਾ ਕਿ ਜੇਕਰ ਅਮਿਤਾਭ ਬੱਚਨ ਖਿਲਾਫ ਕੋਈ ਅਜਿਹਾ ਮਾਮਲਾ ਸੀ ਤਾਂ ਫਿਰ ਕੀ ਇਹਨਾਂ ਦੀ ਨੈਤਿਕ ਜ਼ਿੰਮੇਵਾਰੀ ਨਹੀਂ ਬਣਦੀ ਸੀ ਕਿ ਉਹ ਕਾਰਵਾਈ ਕਰਦੇ? ਇਹ ਕੌਮ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ ਸੀ ?
ਉਹਨਾਂ ਨਾਲ ਹੀ ਚੁਣੌਤੀ ਵੀ ਦਿੱਤੀ ਹੈ ਕਿ ਜੇਕਰ ਇਹ ਆਗੂ ਸਬੂਤ ਦੇਣ ਤਾਂ ਫਿਰ ਅਕਾਲੀ ਦਲ ਤੇ ਦਿੱਲੀ ਕਮੇਟੀ ਤੇ ਉਹ ਆਪ ਨਿੱਜੀ ਤੌਰ ‘ਤੇ ਅਮਿਤਾਭ ਬੱਚਨ ਦੇ ਖਿਲਾਫ ਕੇਸ ਲੜਨਗੇ।
ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਦੋਵੇਂ ਆਗੂ ਸਿਰਫ ਘਟੀਆ ਰਾਜਨੀਤੀ ‘ਤੇ ਉਤਰੇ ਹੋਏ ਹਨ ਕਿਉਂਕਿ ਸੰਗਤ ਵੱਲੋਂ ਦੁਨੀਆਂ ਭਰ ਵਿਚ ਮੌਜੂਦਾ ਟੀਮ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਦੁਨੀਆਂ ਭਰ ਵਿਚ ਹੋ ਰਹੀ ਵਡਿਆਈ ਇਹਨਾਂ ਤੋਂ ਹਜ਼ਮ ਨਹੀਂ ਹੋ ਰਹੀ ਹੈ ਤੇ ਇਹ ਆਨੇ ਬਹਾਨੇ ਕਮੇਟੀ ‘ਤੇ ਹਮਲਾ ਬੋਲਦੇ ਰਹਿੰਦੇ ਹਨ।
ਉਹਨਾਂ ਕਿਹਾ ਕਿ ਇਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਸਾਡੇ ਤੋਂ ਪਹਿਲਾਂ ਜਿਹੜੇ ਲੋਕ ਕਮੇਟੀ ਦਾ ਕੰਮ ਸੰਭਾਲ ਰਹੇ ਸੀ, ਉਹਨਾਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ ਕਿ ਕਮੇਟੀ ਕੋਲ 2 ਕਰੋੜ ਰੁਪਏ ਆ ਗਏ ਹਨ ਜਦਕਿ ਪੁਰਾਣੇ ਪ੍ਰਬੰਧਕ ਪਹਿਲਾਂ ਇਹ ਪੈਸਾ ਆਪਣੇ ਘਰ ਲੈ ਜਾਂਦੇ ਸੀ। ਉਹਨਾਂ ਕਿਹਾ ਕਿ ਜਿਹਨਾਂ ਨੇ ਵੀ ਸੇਵਾ ਵਿਚ ਯੋਗਦਾਨ ਪਾਇਆ, ਅਸੀਂ ਉਹਨਾਂ ਦੇ ਨਾਵਾਂ ਦਾ ਐਲਾਨ ਤਾਂ ਹੀ ਕਰਦੇ ਹਾਂ ਤਾਂ ਜੋ ਸੰਗਤ ਨੂੰ ਸਭ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਦੂਜੇ ਪਾਸੇ ਪੁਰਾਣੇ ਪ੍ਰਬੰਧਕਾਂ ਦੀ ਇਹ ਸੋਚ ਹੈ ਕਿ ਜੋ ਵੀ ਪੈਸਾ ਗੁਰੂ ਘਰ ਆਵੇ, ਉਹ ਉਹਨਾਂ ਦੇ ਨਿੱਜੀ ਘਰ ਜਾਵੇ ਜਿਵੇਂ ਕਿ ਉਹਨਾਂ ਪਹਿਲਾਂ ਵੀ ਕੰਮ ਕੀਤਾ ਹੈ।

1984 ਦੇ ਸਿੱਖ ਕਤਲੇਆਮ ਮਾਮਲਿਆਂ ਦੀ ਗੱਲ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਸੱਚਾਈ ਇਹ ਹੈ ਕਿ ਮਨਜੀਤ ਸਿੰਘ ਜੀ ਕੇ ਨੇ 2009 ਵਿਚ ਆਉਣ ਤੋਂ ਪਹਿਲਾਂ ਕਦੇ ਵੀ 1984 ਦੇ ਸਿੱਖ ਕਤਲੇਆਮ ਦੀ ਗੱਲ ਨਹੀਂ ਕੀਤੀ। ਜਦੋਂ ਉਹ ਅਕਾਲੀ ਦਲ ਵਿਚ ਆ ਗਏ ਤਾਂ ਇਹ ਗੱਲ ਕਰਨੀ ਸ਼ੁਰੂ ਕੀਤੀ ਜਦਕਿ ਅਕਾਲੀ ਦਲ ਤਾਂ 1984 ਤੋਂ ਹੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਉਣ ਵਾਸਤੇ ਸੰਘਰਸ਼ ਕਰਦਾ ਰਿਹਾ ਹੈ।
ਉਹਨਾਂ ਕਿਹਾ ਕਿ ਇਸੇ ਤਰੀਕੇ ਕੰਮ ਪਰਮਜੀਤ ਸਿੰਘ ਸਰਨਾ ਦਾ ਹੈ ਜਿਹਨਾਂ ਨੇ ਹਮੇਸ਼ਾ ਕਾਂਗਰਸ ਵਾਸਤੇ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਉਹ ਇਸ ਮਾਮਲੇ ‘ਤੇ ਬੋਲ ਰਹੇ ਹਨ ਤਾਂ ਉਹ ਦੱਸਣ ਕਿ 1984 ਤੋਂ ਹੁਣ ਤੱਕ ਅਮਿਤਾਭ ਬੱਚਨ ਬਾਰੇ ਚੁੱਪ ਕਿਉਂ ਵੱਟੀ ਰੱਖੀ ?
