ਸਕੂਲ ਸਿੱਖਿਆ ਨੂੰ ਬਿਹਤਰੀਨ ਤੇ ਆਧੁਨਿਕ ਬਣਾਉਣ ਲਈ 2,941.83 ਕਰੋੜ ਰੁਪਏ ਦੀ ਕਾਰਜ ਯੋਜਨਾ ਨੂੰ ਮਨਜ਼ੂਰੀ: ਮੁੱਖ ਸਕੱਤਰ

  • ਸਕੂਲ ਸਿੱਖਿਆ ਵਿਭਾਗ ਨੂੰ ਅਤਿ-ਆਧੁਨਿਕ ਢੰਗਾਂ ਨਾਲ ਗੁਣਾਤਮਕ ਤੇ ਪ੍ਰਤੀਯੋਗੀ ਸਿੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼

ਚੰਡੀਗੜ੍ਹ, ਅਪ੍ਰੈਲ 29, 2021 – ਸੂਬੇ ਵਿੱਚ ਸਕੂਲ ਸਿੱਖਿਆ ਨੂੰ ਹੋਰ ਮਜ਼ਬੂਤ ਕਰਨ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੰਕਲਪ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਸਕੱਤਰ ਸ੍ਰੀਮਤੀ ਵਿਨੀ ਮਹਾਜਨ ਨੇ ਸਰਕਾਰੀ ਸਕੂਲਾਂ ਦੇ ਆਧੁਨਿਕੀਕਰਨ, ਬੁਨਿਆਦੀ ਢਾਂਚੇ ਵਿੱਚ ਹੋਰ ਸੁਧਾਰ ਅਤੇ ਸਹਾਇਕ ਸਹੂਲਤਾਂ ਨੂੰ ਅਪਗ੍ਰੇਡ ਕਰਨ ਲਈ ਮੌਜੂਦਾ ਵਿੱਤੀ ਵਰ੍ਹੇ 2021-22 ਲਈ ਸਾਲਾਨਾ ਕਾਰਜ ਯੋਜਨਾ ਅਤੇ ਬਜਟ (ਏ.ਡਬਲਿਊ.ਪੀ. ਅਤੇ ਬੀ) ਅਧੀਨ 2,941.83 ਕਰੋੜ ਰੁਪਏ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ।

ਅੱਜ ਇਥੇ ਸਮੱਗਰਾ ਸਿੱਖਿਆ ਅਭਿਆਨ ਦੀ ਕਾਰਜਕਾਰੀ ਕਮੇਟੀ ਦੀ ਤੀਜੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਵਿਦਿਆਰਥੀਆਂ ਨੂੰ ਅਤਿ-ਆਧੁਨਿਕ ਵਿਦਿਅਕ ਢੰਗਾਂ ਨਾਲ ਗੁਣਾਤਮਕ ਅਤੇ ਪ੍ਰਤੀਯੋਗੀ ਸਿੱਖਿਆ ਪ੍ਰਦਾਨ ਕਰਨ ‘ਤੇ ਧਿਆਨ ਕੇਂਦਰਿਤ ਕਰਨ ਅਤੇ ਇਸ ਮੁਕਾਬਲੇ ਦੇ ਯੁੱਗ ਵਿਚ ਉਨ੍ਹਾਂ ‘ਚ ਆਤਮ-ਵਿਸ਼ਵਾਸ ਦੀ ਭਾਵਨਾ ਪੈਦਾ ਕਰਨ।

ਪ੍ਰਸਤਾਵ ਦੇ ਵੇਰਵੇ ਸਾਂਝੇ ਕਰਦਿਆਂ ਸ੍ਰੀਮਤੀ ਮਹਾਜਨ ਨੇ ਕਿਹਾ ਕਿ ਸਕੂਲਾਂ ਨੂੰ ਅਪਗ੍ਰੇਡ ਕਰਨ ਲਈ 591.25 ਕਰੋੜ ਰੁਪਏ ਜਦਕਿ ਆਈ.ਸੀ.ਟੀ. ਤੇ ਡਿਜੀਟਲ ਪਹਿਲਕਦਮੀਆਂ ਲਈ 250.84 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਏ.ਡਬਲਿਯੂ.ਪੀ. ਅਤੇ ਬੀ ਦੇ ਪ੍ਰਮੁੱਖ ਹਿੱਸਿਆਂ ਜਿਵੇਂ ਪ੍ਰੀ-ਪ੍ਰਾਇਮਰੀ ਸਿੱਖਿਆ, ਅਧਿਆਪਕਾਂ ਦੀ ਸਿਖਲਾਈ, ਤਨਖਾਹ, ਕਿੱਤਾਮੁਖੀ ਸਿੱਖਿਆ, ਸਮੁੱਚੀ ਸਿੱਖਿਆ ਅਤੇ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਪਾਠ ਪੁਸਤਕਾਂ ਮੁਹੱਈਆ ਕਰਵਾਉਣ ਲਈ 1296.14 ਕਰੋੜ ਰੁਪਏ ਅਲਾਟ ਕੀਤੇ ਗਏ ਹਨ।

ਸਕੂਲ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਮੁੱਖ ਸਕੱਤਰ ਨੂੰ ਦੱਸਿਆ ਕਿ 280 ਸਕੂਲਾਂ ਨੂੰ ਅਪਗ੍ਰੇਡ ਕਰਨ, 2,761 ਹੋਰ ਕਲਾਸਰੂਮ ਦੀ ਉਸਾਰੀ, 3,217 ਸਮਾਰਟ ਕਲਾਸਰੂਮ, 531 ਲਾਇਬ੍ਰੇਰੀ ਕਮਰੇ ਅਤੇ 171 ਵਿਗਿਆਨ ਪ੍ਰਯੋਗਸ਼ਾਲਾਵਾਂ ਦੇ ਨਿਰਮਾਣ ਦਾ ਕਾਰਜ ਜ਼ੋਰਾਂ-ਸ਼ੋਰ ਨਾਲ ਚੱਲ ਰਿਹਾ ਹੈ। ਇਸੇ ਤਰ੍ਹਾਂ ਸੂਬੇ ਭਰ ਦੇ ਸਕੂਲਾਂ ਵਿੱਚ 2,666 ਸੋਲਰ ਪੈਨਲ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 2020-21 ਦੌਰਾਨ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਵਿੱਚ 15.07 ਫ਼ੀਸਦ ਦਾ ਵਾਧਾ ਦਰਜ ਕਰਨ ਦੇ ਨਾਲ-ਨਾਲ ਹੁਣ ਤੱਕ ਸੂਬੇ ਵਿੱਚ 12,976 ਸਕੂਲ ਪਹਿਲਾਂ ਹੀ ਸਮਾਰਟ ਸਕੂਲਾਂ ਵਿੱਚ ਤਬਦੀਲ ਕੀਤੇ ਜਾ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਸਰਵ ਸਿੱਖਿਆ ਅਭਿਆਨ (ਐਸ.ਐਸ.ਏ.), ਰਾਸ਼ਟਰੀ ਮਾਧਿਅਮਿਕ ਸਿੱਖਿਆ ਅਭਿਆਨ (ਆਰ.ਐਮ.ਐਸ.ਏ.) ਅਤੇ ਟੀਚਰ ਐਜੂਕੇਸ਼ਨ (ਟੀ.ਈ.) ਵਰਗੀਆਂ ਵੱਖ-ਵੱਖ ਸਿੱਖਿਆ ਅਤੇ ਸਾਖਰਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਯੋਜਨਾਵਾਂ ਨੂੰ ਇਕੋ ਯੋਜਨਾ – ਸਮੱਗਰਾ ਸਿੱਖਿਆ ਅਭਿਆਨ ‘ਚ ਏਕੀਕ੍ਰਿਤ ਕੀਤਾ ਗਿਆ ਹੈ। ਇਸ ਯੋਜਨਾ ਦਾ ਉਦੇਸ਼ ਪ੍ਰਭਾਵਸ਼ਾਲੀ ਸਿੱਖਣ ਨਤੀਜਿਆਂ ਨਾਲ ਸਾਰਿਆਂ ਲਈ ਮੁਫ਼ਤ ਸੈਕੰਡਰੀ ਸਿੱਖਿਆ ਪ੍ਰਦਾਨ ਕਰਨ ਦੇ ਨਾਲ-ਨਾਲ ਦਿਵਿਆਂਗ ਵਿਅਕਤੀਆਂ ਸਮੇਤ ਕਮਜ਼ੋਰ ਵਰਗਾਂ ਲਈ ਕਿੱਤਾਮੁਖੀ ਸਿਖਲਾਈ ਮੁਹੱਈਆ ਕਰਵਾਉਣਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੇ ਕਣਕ ਦੀ ਖ਼ਰੀਦ ਦਾ 100 ਲੱਖ ਮੀਟ੍ਰਿਕ ਟਨ ਦਾ ਅੰਕੜਾ ਪਾਰ ਕੀਤਾ, ਸੂਬੇ ਭਰ ਵਿੱਚ ਸੰਗਰੂਰ ਮੋਹਰੀ ਰਿਹਾ: ਆਸ਼ੂ

ਨਵਜੋਤ ਸਿੱਧੂ ਦਾ ਕੈਪਟਨ ਖਿਲਾਫ ਬੋਲਣਾ ਗੈਰ ਜ਼ਿੰਮੇਵਾਰ ਅਤੇ ਅਨੁਸ਼ਾਸਨਹੀਣਤਾ ਰਵੱਈਆ – ਅਰੋੜਾ