ਇਸਲਾਮਾਬਾਦ, 13 ਅਕਤੂਬਰ 2022 – ਪਾਕਿਸਤਾਨ ‘ਚ ਲੋਕਾਂ ਨਾਲ ਭਰੀ ਬੱਸ ਨੂੰ ਅੱਗ ਲੱਗ ਗਈ। ਇਸ ਘਟਨਾ ਵਿੱਚ 12 ਬੱਚਿਆਂ ਸਮੇਤ 18 ਲੋਕਾਂ ਦੀ ਮੌਤ ਹੋ ਗਈ ਸੀ। ਅਧਿਕਾਰੀਆਂ ਅਤੇ ਬਚਾਅ ਕਰਮਚਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਸਾਰੇ ਹੜ੍ਹ ਰਾਹਤ ਕੈਂਪਾਂ ਤੋਂ ਵਾਪਸ ਆ ਰਹੇ ਸਨ। ਹੁਣ ਦੇਸ਼ ਵਿਚ ਹੜ੍ਹ ਦਾ ਪਾਣੀ ਹੌਲੀ-ਹੌਲੀ ਘਟ ਰਿਹਾ ਹੈ ਅਤੇ ਲੋਕ ਆਪਣੇ ਘਰਾਂ ਨੂੰ ਪਰਤ ਰਹੇ ਹਨ।
ਘਟਨਾ ਸਥਾਨ ‘ਤੇ ਮੌਜੂਦ ਜ਼ਿਲ੍ਹਾ ਸਿਹਤ ਅਧਿਕਾਰੀ ਵਿਨੋਦ ਕੁਮਾਰ ਨੇ ਏਐਫਪੀ ਨੂੰ ਦੱਸਿਆ, “ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਸਾਰੇ ਆਪਣੇ ਪਿੰਡਾਂ ਨੂੰ ਵਾਪਸ ਜਾ ਰਹੇ ਸਨ।” ਪੁਲਿਸ ਅਧਿਕਾਰੀ ਹਾਸ਼ਿਮ ਬਰੋਹੀ ਨੇ ਦੱਸਿਆ ਕਿ ਬੱਸ ਦਾ ਏਅਰ ਕੰਡੀਸ਼ਨਿੰਗ ਸਿਸਟਮ ਫੇਲ ਹੋ ਗਿਆ ਸੀ ਜਿਸ ਕਾਰਨ ਅੱਗ ਲੱਗੀ।
ਇਸ ਸਾਲ ਪਾਕਿਸਤਾਨ ‘ਚ ਮਾਨਸੂਨ ਦੌਰਾਨ ਭਾਰੀ ਮੀਂਹ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਸੀ। ਦੇਸ਼ ਦਾ ਇੱਕ ਤਿਹਾਈ ਹਿੱਸਾ ਹੜ੍ਹ ਦੇ ਪਾਣੀ ਵਿੱਚ ਡੁੱਬ ਗਿਆ ਹੈ, 80 ਲੱਖ ਲੋਕ ਬੇਘਰ ਹੋ ਗਏ ਹਨ। ਇਸ ਵਾਰ ਇੱਥੇ ਹੜ੍ਹਾਂ ਕਾਰਨ 1700 ਲੋਕਾਂ ਦੀ ਮੌਤ ਹੋ ਗਈ। ਇਸ ਹੜ੍ਹ ਦਾ ਕਾਰਨ ਜਲਵਾਯੂ ਪਰਿਵਰਤਨ ਦੱਸਿਆ ਜਾ ਰਿਹਾ ਹੈ।

