ਨਵੀਂ ਦਿੱਲੀ, 3 ਜੂਨ 2025 – 17 ਸਾਲ ਦੀ ਪ੍ਰਸਿੱਧ TikTok ਸਟਾਰ ਸਨਾ ਯੂਸੁਫ ਦਾ ਸੋਮਵਾਰ ਨੂੰ ਇਸਲਾਮਾਬਾਦ ਵਿੱਚ ਉਸ ਦੇ ਘਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਸੁੰਬਲ ਥਾਣਾ ਖੇਤਰ ‘ਚ ਵਾਪਰੀ ਹੈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸਨਾ ਨੂੰ ਨੇੜਿਓਂ ਗੋਲੀ ਮਾਰੀ ਗਈ ਅਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਕੁਝ ਰਿਪੋਰਟਾਂ ਦੇ ਅਨੁਸਾਰ, ਹਮਲਾਵਰ ਘਰ ਵਿਚ ਮਹਿਮਾਨ ਬਣ ਕੇ ਆਇਆ ਸੀ ਅਤੇ ਇਸ ਘਟਨਾ ਨੂੰ ਅੰਜ਼ਾਮ ਦੇਣ ਮਗਰੋਂ ਤੁਰੰਤ ਭੱਜ ਗਿਆ।
ਸਨਾ ਯੂਸੁਫ ਪਾਕਿਸਤਾਨ ਦੇ ਖੈਬਰ ਪਖਤੂਨਖ਼ਵਾ ਦੇ ਚਿੱਤਰਾਲ ਇਲਾਕੇ ਨਾਲ ਸਬੰਧਤ ਸੀ। ਉਹ ਇਸਲਾਮਾਬਾਦ ਦੇ ਸੈਕਟਰ G-13 ਵਿਚ ਰਹਿ ਰਹੀ ਸੀ। ਉਸਨੇ ਆਪਣੇ TikTok ਵੀਡੀਓਜ਼ ਰਾਹੀਂ ਕਾਫ਼ੀ ਲੋਕਪ੍ਰਿਯਤਾ ਹਾਸਲ ਕੀਤੀ ਸੀ।
ਸਨਾ ਯੂਸੁਫ ਦੀ ਲਾਸ਼ ਨੂੰ ਪੋਸਟਮਾਰਟਮ ਲਈ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (PIMS) ‘ਚ ਭੇਜਿਆ ਗਿਆ ਹੈ। ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਪਰ ਹੁਣ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ। ਇਹ ਹੱਤਿਆ ਦੇਸ਼ ਭਰ ‘ਚ ਸੋਸ਼ਲ ਮੀਡੀਆ ਉੱਤੇ ਗੁੱਸੇ ਅਤੇ ਦੁਖ ਦੀ ਲਹਿਰ ਨੂੰ ਜਨਮ ਦੇ ਰਹੀ ਹੈ। ਸਨਾ ਦੇ ਪ੍ਰਸ਼ੰਸਕ ਨਿਆਂ ਦੀ ਮੰਗ ਕਰ ਰਹੇ ਹਨ।

