ਚੰਡੀਗੜ੍ਹ, 13 ਸਤੰਬਰ 2025 – ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 2 ਵੱਖ-ਵੱਖ ਥਾਈਂ 2 ਪੰਜਾਬੀ ਨੌਜਵਾਨਾਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕਾਂ ‘ਚੋਂ ਇਕ ਦੀ ਪਛਾਣ ਪੰਜਾਬੀ ਗੈਂਗਸਟਰ ਤਰਨ ਪੰਧੇਰ (24) ਵਜੋਂ ਹੋਈ ਹੈ। ਤਰਨ ‘ਤੇ ਬ੍ਰਿਟਿਸ਼ ਕੋਲੰਬੀਆ ਦੇ ਲੈਂਗਲੀ ਸ਼ਹਿਰ ਵਿੱਚ ਉਸ ਸਮੇਂ ਗੋਲ਼ੀਆਂ ਚਲਾਈਆਂ ਗਈਆਂ, ਜਦੋਂ ਉਹ ਇੱਕ ਟੈਕਸੀ ਰਾਹੀਂ ਕਿਤੇ ਜਾ ਰਿਹਾ ਸੀ।
ਜਾਣਕਾਰੀ ਦਿੰਦੇ ਹੋਏ ਲੈਂਗਲੀ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ 5 ਸਤੰਬਰ ਦੀ ਰਾਤ ਕਰੀਬ 10:30 ਵਜੇ ਇਲਾਕੇ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਪੁਲਸ ਟੀਮ ਮੌਕੇ ’ਤੇ ਪਹੁੰਚੀ। ਮੌਕੇ ਤੋਂ ਉਨ੍ਹਾਂ ਨੂੰ ਇਕ ਗੰਭੀਰ ਹਾਲਤ ‘ਚ ਜ਼ਖ਼ਮੀ ਨੌਜਵਾਨ ਮਿਲਿਆ, ਜਿਸ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਦੀ ਜਾਨ ਨਹੀਂ ਬਚਾ ਸਕੀ। ਉਕਤ ਵਾਰਦਾਤ ਤੋਂ ਅੱਧੇ ਘੰਟੇ ਬਾਅਦ ਹੀ ਸਰੀ ਵਿੱਚ 64ਏ ਐਵੇਨਿਊ ’ਤੇ ਇੱਕ ਅੱਗ ਲੱਗੀ ਹੋਈ ਗੱਡੀ ਮਿਲੀ, ਜੋ ਸ਼ਾਇਦ ਕਾਤਲਾਂ ਦੀ ਹੋ ਸਕਦੀ ਹੈ।
ਦੂਜੇ ਪਾਸੇ ਬਰਨਬੀ ਸ਼ਹਿਰ ਵਿੱਚ ਵੀ ਇਕ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ ਹੈ, ਜਿਸ ਦੀ ਪਛਾਣ 34 ਸਾਲਾ ਸ਼ਾਹੇਬ ਅੱਬਾਸੀ ਵਜੋਂ ਹੋਈ ਹੈ। ਇਹ ਘਟਨਾ ਵੀ ਕਿਸੇ ਗੈਂਗਵਾਰ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਬਰਨਬੀ ਪੁਲਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10 ਸਤੰਬਰ ਦੀ ਸ਼ਾਮ 5:30 ਵਜੇ ਸਟਿੱਲ ਕ੍ਰੀਕ ਐਵੇਨਿਊ ਅਤੇ ਸਟਿੱਲ ਕ੍ਰੀਕ ਡਰਾਈਵ ਇਲਾਕੇ ‘ਚ ਗੋਲੀਆਂ ਚੱਲਣ ਦੀ ਸੂਚਨਾ ਮਿਲੀ ਸੀ, ਜਿਸ ਮਗਰੋਂ ਮੌਕੇ ‘ਤੇ ਪਹੁੰਚੀ ਪੁਲਸ ਟੀਮ ਨੂੰ ਇੱਕ ਲਾਸ਼ ਬਰਾਮਦ ਹੋਈ। ਇਸ ਮਾਮਲੇ ‘ਚ ਵੀ 15 ਮਿੰਟ ਬਾਅਦ ਹੀ ਨਰਸਰੀ ਸਟ੍ਰੀਟ ਅਤੇ ਲੇਕਫ਼ੀਲਡ ਡਰਾਈਵ ਇਲਾਕੇ ਵਿੱਚ ਇੱਕ ਚਿੱਟੀ ਮਿਤਸੂਬਿਸ਼ੀ RVR ਗੱਡੀ ਸੜਦੀ ਹੋਈ ਮਿਲੀ, ਜਿਸ ਤੋਂ ਬਾਅਦ ਇਹ ਇਕ ਗੈਂਗਵਾਰ ਦਾ ਨਤੀਜਾ ਜਾਪਦਾ ਹੈ।

