- ਹੜ੍ਹ ਦਾ ਖ਼ਤਰਾ ਅਜੇ ਵੀ ਬਰਕਰਾਰ
ਨਵੀਂ ਦਿੱਲੀ, 5 ਜੁਲਾਈ 2025 – ਅਮਰੀਕਾ ਦੇ ਟੈਕਸਾਸ ਰਾਜ ਵਿੱਚ ਸ਼ੁੱਕਰਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਗੁਆਡਾਲੁਪ ਨਦੀ ਵਿੱਚ ਅਚਾਨਕ ਹੜ੍ਹ ਆਉਣ ਕਾਰਨ ਹੁਣ ਤੱਕ 51 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਲਗਭਗ 27 ਕੁੜੀਆਂ ਲਾਪਤਾ ਹਨ।
ਗੁਆਡਾਲੁਪ ਨਦੀ ਦੇ ਨੇੜੇ ਕੁੜੀਆਂ ਦਾ ਇੱਕ ਸਮਰ ਕੈਂਪ ਸੀ, ਜੋ ਹੜ੍ਹ ਦੀ ਲਪੇਟ ਵਿੱਚ ਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਨਦੀ ਦਾ ਪਾਣੀ ਦਾ ਪੱਧਰ ਸਿਰਫ਼ 45 ਮਿੰਟਾਂ ਵਿੱਚ 26 ਫੁੱਟ (8 ਮੀਟਰ) ਵੱਧ ਗਿਆ, ਜਿਸ ਨਾਲ ਘਰਾਂ ਅਤੇ ਵਾਹਨਾਂ ਨੂੰ ਵਹਾ ਕੇ ਲੈ ਗਿਆ।
ਮੌਸਮ ਵਿਭਾਗ ਅਨੁਸਾਰ ਹੜ੍ਹ ਦਾ ਖ਼ਤਰਾ ਅਜੇ ਵੀ ਬਣਿਆ ਹੋਇਆ ਹੈ। ਲਾਪਤਾ ਕੁੜੀਆਂ ਦੀ ਭਾਲ ਹੈਲੀਕਾਪਟਰਾਂ, ਕਿਸ਼ਤੀਆਂ ਅਤੇ ਡਰੋਨਾਂ ਦੀ ਵਰਤੋਂ ਕਰਕੇ ਕੀਤੀ ਜਾ ਰਹੀ ਹੈ। ਹੋਰ ਵੀ ਕਈ ਲੋਕਾਂ ਦੇ ਲਾਪਤਾ ਹੋਣ ਦਾ ਖਦਸ਼ਾ ਹੈ।

ਟੈਕਸਾਸ ਦੇ ਗਵਰਨਰ ਡੈਨ ਪੈਟ੍ਰਿਕ ਨੇ ਕਿਹਾ ਕਿ ਬਚਾਅ ਟੀਮਾਂ ਕੰਮ ਕਰ ਰਹੀਆਂ ਹਨ। ਜਿਸ ਵਿੱਚ ਨੌਂ ਬਚਾਅ ਟੀਮਾਂ, 14 ਹੈਲੀਕਾਪਟਰ ਅਤੇ 12 ਡਰੋਨ ਵਰਤੇ ਜਾ ਰਹੇ ਹਨ। ਹੁਣ ਤੱਕ 850 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ।
ਕੈਂਪ ਮਿਸਟਿਕ, ਕੇਰਵਿਲ ਦੇ ਨੇੜੇ ਕੁੜੀਆਂ ਦਾ ਇੱਕ ਸਮਰ ਕੈਂਪ, ਪੂਰੀ ਤਰ੍ਹਾਂ ਹੜ੍ਹ ਵਿੱਚ ਡੁੱਬ ਗਿਆ। ਕੈਂਪ ਵਿੱਚ ਮੌਜੂਦ 750 ਕੁੜੀਆਂ ਨੂੰ ਬਚਾਇਆ ਗਿਆ ਹੈ। ਕੈਂਪ ਵਿੱਚ ਬਿਜਲੀ ਨਹੀਂ ਹੈ ਅਤੇ ਬਹੁਤ ਸਾਰੇ ਬੱਚੇ ਅਜੇ ਵੀ ਬਚਾਅ ਦੀ ਉਡੀਕ ਕਰ ਰਹੇ ਹਨ। ਅਧਿਕਾਰੀਆਂ ਨੇ ਕਿਹਾ ਕਿ ਲਾਪਤਾ ਲੋਕਾਂ ਦੀ ਸਹੀ ਗਿਣਤੀ ਦੱਸਣਾ ਮੁਸ਼ਕਲ ਹੈ।
