ਆਕਲੈਂਡ, 3 ਨਵੰਬਰ 2024 – ਸਿੱਖ ਸ਼ਰਧਾਲੂ ਬੀਤੇ ਮਹੀਨੇ ਸ਼ਨੀਵਾਰ ਨੂੰ (26 ਅਕਤੂਬਰ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 45 ਸਰੂਪ ਅਤੇ 6 ਸੈਂਚੀਆਂ ਕੁੱਲ 51 ਸਰੂਪ ਮੈਲਬੌਰਨ ਤੋਂ ਆਕਲੈਂਡ ਪਹੁੰਚੇ। ਇਸ ਦੌਰਾਨ ਸ਼ਰਧਾਲੂਆਂ ਨੇ ਸਿੱਖ ਮਰਿਆਦਾ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ। ਮਹਾਰਾਜ ਜੀ ਦੇ ਸਰੂਪ ਹਵਾਈ ਜਹਾਜ਼ ਜ਼ਰੀਏ ਲਿਆਂਦੇ ਗਏ। ਇਸ ਸਫਰ ਵਿਚ 120 ਸ਼ਰਧਾਲੂਆਂ ਦਾ ਜਥਾ ਸ਼ਾਮਲ ਰਿਹਾ। ਸ਼ਰਧਾਲੂਆਂ ਲਈ ਜਹਾਜ਼ ਦਾ ਪੂਰਾ ਕੈਬਿਨ ਬੁੱਕ ਕੀਤਾ ਗਿਆ ਸੀ। ਇਸ ਦੌਰਾਨ ਮੈਲਬੌਰਨ ਤੋਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਵੀ ਨਾਲ ਆਏ। ਮਹਾਰਾਜ ਜੀ ਦੇ ਸਰੂਪ ਲਿਆਉਣ ਤੋਂ ਪਹਿਲਾਂ ਹਵਾਈ ਜਹਾਜ਼ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਗਈ। ਇਸ ਪੂਰੇ ਸਫਰ ਦੌਰਾਨ ਸੇਵਾ ਨਿਭਾਅ ਰਹੀ ਸੰਗਤ ਨੇ ਬੂਟ ਵੀ ਨਹੀਂ ਪਹਿਨੇ ਸਨ ਅਤੇ ਹਵਾਈ ਜਹਾਜ਼ ਵਿਚ ਕਿਸੇ ਤਰ੍ਹਾਂ ਦੇ ਮਾਸਾਹਾਰੀ ਪਕਵਾਨ ਤੋਂ ਪੂਰੀ ਤਰ੍ਹਾਂ ਪਰਹੇਜ਼ ਰਿਹਾ। ਮਤਲਬ ਗੁਰੂ ਮਹਾਰਾਜ ਜੀ ਦੀ ਪੂਰਨ ਰਹਿਤ ਮਰਿਆਦਾ ਦਾ ਖਿਆਲ ਰੱਖਿਆ ਗਿਆ।
ਮੈਲਬੌਰਨ ਅਤੇ ਆਕਲੈਂਡ ਹਵਾਈ ਅੱਡੇ ਦੀਆਂ ਦੋਵੇਂ ਅਥਾਰਟੀਆਂ ਨੇ ਚੰਗੀ ਤਰ੍ਹਾਂ ਪ੍ਰਬੰਧ ਕੀਤਾ ਸੀ। ਮੈਲਬੌਰਨ ਤੋਂ ਮਹਾਰਾਜ ਜੀ ਦੇ ਸਰੂਪ ਲਿਜਾਣ ਅਤੇ ਆਕਲੈਂਡ ਪਹੁੰਚਣ ‘ਤੇ ਅਧਿਕਾਰੀਆਂ ਨੇ ਵੀ ਬੂਟ ਨਹੀਂ ਪਹਿਨੇ ਸਨ ਜਦਕਿ ਅੰਤਰਰਾਸ਼ਟਰੀ ਕਾਨੂੰਨ ਮੁਤਾਬਕ ਬੂਟ ਪਾਉਣੇ ਪੈਂਦੇ ਹਨ। ਇਸ ਦੌਰਾਨ ਸਪੈਸ਼ਲ ਅਥਾਰਟੀ ਦਿੱਤੀ ਗਈ ਕਿ ਤੁਹਾਨੂੰ ਬੂਟ ਪਾਉਣ ਦੀ ਲੋੜ ਨਹੀਂ। ਆਕਲੈਂਡ ਏਅਰਪੋਰਟ ‘ਤੇ ਮਹਾਰਾਜ ਜੀ ਦੇ ਸਰੂਪ ਪਹੁੰਚਣ ‘ਤੇ ਮੌਜੂਦ ਸਕਿਓਰਿਟੀ ਨੇ ਕਿਸੇ ਵੀ ਤਰ੍ਹਾਂ ਦੀ ਜਾਂਚ ਨਹੀਂ ਕੀਤੀ ਅਤੇ ਨਾ ਹੀ ਕਿਸੇ ਸ਼ਰਧਾਲੂ ਦੀ ਚੈਕਿੰਗ ਕੀਤੀ। ਨਾ ਹੀ ਕਿਸੇ ਸ਼ਰਧਾਲੂ ਦਾ ਕੋਈ ਬੈਗ ਚੈੱਕ ਕੀਤਾ ਗਿਆ। ਸ਼ਰਧਾਲੂਆਂ ਨੂੰ ਸਿੱਧੇ ਹੀ ਹਵਾਈ ਅੱਡੇ ਤੋਂ ਬਾਹਰ ਕੱਢਿਆ ਗਿਆ। ਹਵਾਈ ਅੱਡੇ ‘ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ ਸੰਗਤ ਮੌਜੂਦ ਸੀ। ਉਨ੍ਹਾਂ ਨੇ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਕੀਤੇ।