ਨਵੀਂ ਦਿੱਲੀ, 3 ਅਪ੍ਰੈਲ 2024 – ਬੁੱਧਵਾਰ (3 ਅਪ੍ਰੈਲ) ਨੂੰ ਤਾਈਵਾਨ ਵਿੱਚ 7.5 ਤੀਬਰਤਾ ਦਾ ਭੂਚਾਲ ਆਇਆ। ਇਸ ਦੇ ਝਟਕੇ ਜਾਪਾਨ ਵਿੱਚ ਵੀ ਮਹਿਸੂਸ ਕੀਤੇ ਗਏ। ਇਸ ਭੂਚਾਲ ਤੋਂ ਬਾਅਦ ਤਾਈਵਾਨ, ਜਾਪਾਨ ਅਤੇ ਫਿਲੀਪੀਨਜ਼ ‘ਚ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜਾਪਾਨ ਦੇ ਮੌਸਮ ਵਿਭਾਗ ਨੇ ਸਮੁੰਦਰ ਵਿੱਚ 3 ਮੀਟਰ ਯਾਨੀ ਲਗਭਗ 10 ਫੁੱਟ ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ ਕੀਤੀ ਹੈ। ਫਿਲਹਾਲ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਤਾਈਵਾਨ ਦੇ ਕੇਂਦਰੀ ਮੌਸਮ ਬਿਊਰੋ ਦੇ ਅਨੁਸਾਰ, ਇਹ 25 ਸਾਲਾਂ ਵਿੱਚ ਤਾਈਵਾਨ ਵਿੱਚ ਆਉਣ ਵਾਲਾ ਸਭ ਤੋਂ ਖਤਰਨਾਕ ਭੂਚਾਲ ਹੈ। ਇਸ ਤੋਂ ਪਹਿਲਾਂ 1999 ‘ਚ 7.6 ਤੀਬਰਤਾ ਦਾ ਭੂਚਾਲ ਆਇਆ ਸੀ। ਉਦੋਂ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।
ਤਾਈਵਾਨੀ ਮੀਡੀਆ ਮੁਤਾਬਕ ਬੁੱਧਵਾਰ ਸਵੇਰੇ ਆਏ ਭੂਚਾਲ ਕਾਰਨ ਤਾਈਵਾਨ ਦੇ 10 ਹਜ਼ਾਰ ਤੋਂ ਵੱਧ ਘਰ ਬਿਜਲੀ ਤੋਂ ਬਿਨਾਂ ਹਨ। ਭੂਚਾਲ ਕਾਰਨ ਤਾਰਾਂ ਅਤੇ ਪਾਵਰ ਪਲਾਂਟਾਂ ਨੂੰ ਨੁਕਸਾਨ ਪਹੁੰਚਿਆ ਹੈ। ਬਿਜਲੀ ਬਹਾਲ ਕਰਨ ਲਈ ਕੰਮ ਚੱਲ ਰਿਹਾ ਹੈ। ਇਸ ਦੇ ਨਾਲ ਹੀ ਇੰਟਰਨੈੱਟ ਸੇਵਾ ਵੀ ਬੰਦ ਹੋ ਗਈ ਹੈ।