- ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਨਹੀਂ ਲਈ ਜ਼ਿੰਮੇਵਾਰੀ
- ਇਹ ਘਟਨਾ ਈਰਾਨ ਵੱਲੋਂ ਪਾਕਿਸਤਾਨ ‘ਤੇ ਹਮਲੇ ਦੇ 12 ਦਿਨ ਬਾਅਦ ਵਾਪਰੀ
ਨਵੀਂ ਦਿੱਲੀ, 28 ਜਨਵਰੀ 2024 – ਈਰਾਨ-ਪਾਕਿਸਤਾਨ ਸਰਹੱਦ ਨੇੜੇ ਬੰਦੂਕਧਾਰੀਆਂ ਨੇ 9 ਪਾਕਿਸਤਾਨੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਈਰਾਨ ਵਿੱਚ ਪਾਕਿਸਤਾਨ ਦੇ ਰਾਜਦੂਤ ਮੁਦਾਸਿਰ ਟੀਪੂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਇਸ ਦੇ ਨਾਲ ਹੀ ਈਰਾਨੀ ਮੀਡੀਆ ਮੇਹਰ ਨਿਊਜ਼ ਨੇ ਦੱਸਿਆ ਕਿ ਹਮਲਾਵਰ ਈਰਾਨੀ ਸਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸ਼ਨੀਵਾਰ ਨੂੰ, ਈਰਾਨੀ ਹਮਲਾਵਰਾਂ ਨੇ ਸਰਵਨ ਸ਼ਹਿਰ ਦੇ ਸਿਰਕਾਨ ਖੇਤਰ ਵਿਚ ਇਕ ਘਰ ਦੇ ਅੰਦਰ ਨੌਂ ਲੋਕਾਂ ਦੀ ਹੱਤਿਆ ਕਰ ਦਿੱਤੀ। ਫਿਲਹਾਲ ਕਿਸੇ ਵੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਇਹ ਘਟਨਾ ਈਰਾਨ ਵੱਲੋਂ ਪਾਕਿਸਤਾਨ ‘ਤੇ ਹਮਲੇ ਦੇ 12 ਦਿਨ ਬਾਅਦ ਵਾਪਰੀ ਹੈ। ਦਰਅਸਲ, 16 ਜਨਵਰੀ ਦੀ ਰਾਤ ਨੂੰ ਈਰਾਨ ਨੇ ਪਾਕਿਸਤਾਨ ਦੇ ਬਲੋਚਿਸਤਾਨ ‘ਤੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਇਸ ਦੇ ਅਗਲੇ ਹੀ ਦਿਨ ਪਾਕਿਸਤਾਨ ਨੇ ਈਰਾਨ ਦੇ ਅੰਦਰ 48 ਕਿਲੋਮੀਟਰ ਤੱਕ ਹਵਾਈ ਹਮਲਾ ਕੀਤਾ। ਇਹ ਹਮਲਾ ਸਰਵਨ ਸ਼ਹਿਰ ਵਿੱਚ ਹੋਇਆ ਸੀ।
ਮੀਡੀਆ ਰਿਪੋਰਟਾਂ ਮੁਤਾਬਕ ਮਾਰੇ ਗਏ ਸਾਰੇ ਪਾਕਿਸਤਾਨੀ ਪੰਜਾਬ ਅਤੇ ਸਿੰਧ ਸੂਬਿਆਂ ਦੇ ਵਾਸੀ ਸਨ। ਉਹ ਆਟੋ ਰਿਪੇਅਰ ਦੀ ਦੁਕਾਨ ‘ਤੇ ਕੰਮ ਕਰਦੇ ਸੀ। ਹਮਲੇ ‘ਚ 3 ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ। ਇਸ ਦੇ ਨਾਲ ਹੀ ਪਾਕਿਸਤਾਨ ਦੇ ਰਾਜਦੂਤ ਮੁਦਾਸਿਰ ਟੀਪੂ ਨੇ ਇਸ ਘਟਨਾ ‘ਤੇ ਕਿਹਾ- ਈਰਾਨ ‘ਚ 9 ਪਾਕਿਸਤਾਨੀਆਂ ਦੀ ਮੌਤ ਤੋਂ ਮੈਂ ਹੈਰਾਨ ਹਾਂ। ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਈਰਾਨ ਇਸ ਮਾਮਲੇ ‘ਚ ਜਾਂਚ ਲਈ ਸਾਡੇ ਨਾਲ ਸਹਿਯੋਗ ਕਰੇ।
ਈਰਾਨ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਰਾਜਦੂਤ ਮੁਦਾਸਿਰ ਟੀਪੂ ਨੂੰ ਉਥੋਂ ਵਾਪਸ ਬੁਲਾ ਲਿਆ ਸੀ। ਦੋਹਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਹੋਣ ਤੋਂ ਬਾਅਦ ਟੀਪੂ ਕੱਲ੍ਹ ਹੀ ਤਹਿਰਾਨ ਪਹੁੰਚ ਗਿਆ ਸੀ। ਜਿਸ ਤੋਂ ਬਾਅਦ ਸਵੇਰੇ ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਦਾ ਧੰਨਵਾਦ ਕਰਦੇ ਹੋਏ ਇੱਕ ਟਵੀਟ ਕੀਤਾ ਸੀ।
ਪਾਕਿਸਤਾਨ ਅਤੇ ਈਰਾਨ ਨੇ ਇੱਕ ਦੂਜੇ ਦੇ ਇਲਾਕਿਆਂ ਵਿੱਚ ਹਵਾਈ ਹਮਲੇ ਕੀਤੇ ਹਨ ਜਿੱਥੇ ਬਹੁਗਿਣਤੀ ਬਲੋਚ ਆਬਾਦੀ ਰਹਿੰਦੀ ਹੈ। ਬਲੋਚ ਪਿਛਲੇ ਕਈ ਮਹੀਨਿਆਂ ਤੋਂ ਪਾਕਿਸਤਾਨ ‘ਚ ਹੜਤਾਲ ‘ਤੇ ਬੈਠੇ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਉਨ੍ਹਾਂ ਦੇ ਲੋਕਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਮਾਰਿਆ ਜਾ ਰਿਹਾ ਹੈ। ਉਨ੍ਹਾਂ ਦੇ ਲੋਕਾਂ ਨੂੰ ਅਗਵਾ ਕਰਕੇ ਤਸੀਹੇ ਦਿੱਤੇ ਜਾ ਰਹੇ ਹਨ। ਬਲੋਚ ਕਾਰਕੁਨ ਇਸ ਮਾਮਲੇ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਦੀ ਮੰਗ ਕਰ ਰਹੇ ਹਨ।
16 ਜਨਵਰੀ ਨੂੰ ਹੋਏ ਹਮਲੇ ਤੋਂ ਬਾਅਦ ਈਰਾਨ ਨੇ ਕਿਹਾ ਸੀ ਕਿ ਉਸ ਨੇ ਪਾਕਿਸਤਾਨ ਵਿਚ ਅੱਤਵਾਦੀ ਸੰਗਠਨ ਜੈਸ਼ ਅਲ-ਅਦਲ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਅਮੀਰ ਅਬਦੁੱਲਾਯਾਨ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਜਲੀਲ ਅੱਬਾਸ ਜਿਲਾਨੀ ਨਾਲ ਫੋਨ ‘ਤੇ ਗੱਲ ਕੀਤੀ।
ਉਸ ਨੇ ਕਿਹਾ ਸੀ- ਇਹ ਹਮਲਾ ਅੱਤਵਾਦੀ ਸੰਗਠਨ ‘ਤੇ ਹੀ ਕੀਤਾ ਗਿਆ ਸੀ। ਇਸ ‘ਤੇ ਜਿਲਾਨੀ ਨੇ ਕਿਹਾ ਸੀ ਕਿ ਕਿਸੇ ਵੀ ਦੇਸ਼ ਨੂੰ ਅਜਿਹੇ ਜੋਖਮ ਭਰੇ ਰਸਤੇ ‘ਤੇ ਨਹੀਂ ਚੱਲਣਾ ਚਾਹੀਦਾ। ਪਾਕਿਸਤਾਨ ਨੂੰ ਈਰਾਨ ਦੇ ਹਮਲੇ ਦਾ ਜਵਾਬ ਦੇਣ ਦਾ ਪੂਰਾ ਹੱਕ ਹੈ।
ਈਰਾਨ ਦੇ ਹਵਾਈ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਨੇ 24 ਘੰਟਿਆਂ ਦੇ ਅੰਦਰ ਈਰਾਨ ‘ਤੇ ਹਵਾਈ ਹਮਲੇ ਕੀਤੇ। ਪਾਕਿਸਤਾਨ ਨੇ ਈਰਾਨ ਵਿੱਚ ਕੀਤੇ ਗਏ ਆਪਰੇਸ਼ਨ ਨੂੰ ‘ਮਾਰਗ ਬਾਰ ਸਰਮਾਚਰ’ ਦਾ ਨਾਂ ਦਿੱਤਾ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਆਪਰੇਸ਼ਨ ਦੇ ਹਿੱਸੇ ਵਜੋਂ ਈਰਾਨ ਵਿੱਚ ਬਲੋਚ ਲਿਬਰੇਸ਼ਨ ਆਰਮੀ ਦੇ 7 ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਗਏ। ਇਸ ਦੌਰਾਨ ਕਈ ਅੱਤਵਾਦੀ ਮਾਰੇ ਗਏ। ਇਹ ਹਵਾਈ ਹਮਲਾ ਈਰਾਨ ਦੀ ਸਰਹੱਦ ਦੇ ਅੰਦਰ 48 ਕਿਲੋਮੀਟਰ ਅੰਦਰਕੀਤਾ ਗਿਆ ਸੀ। ਪਾਕਿਸਤਾਨੀ ਫੌਜ ਨੇ ਕਿਹਾ ਸੀ ਕਿ ਹਮਲੇ ਲਈ ਕਾਤਲ ਡਰੋਨ, ਰਾਕੇਟ, ਗੋਲਾ ਬਾਰੂਦ ਅਤੇ ਹੋਰ ਕਈ ਹਥਿਆਰਾਂ ਦੀ ਵਰਤੋਂ ਕੀਤੀ ਗਈ ਸੀ।
ਈਰਾਨ ਤੀਜਾ ਦੇਸ਼ ਹੈ ਜਿਸ ਨੇ ਪਾਕਿਸਤਾਨ ਵਿਚ ਸਰਜੀਕਲ ਸਟ੍ਰਾਈਕ ਕੀਤੀ ਹੈ। ਈਰਾਨ ਤੋਂ ਪਹਿਲਾਂ ਅਮਰੀਕਾ ਨੇ 2011 ਵਿੱਚ ਅਤੇ ਸਤੰਬਰ 2016 ਵਿੱਚ ਭਾਰਤ ਨੇ ਸਰਜੀਕਲ ਸਟ੍ਰਾਈਕ ਕੀਤੀ ਸੀ।