ਚੰਡੀਗੜ੍ਹ, 27 ਸਤੰਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਦੋਂ ਤੋਂ ਸੱਤਾ ਸੰਭਾਲੀ ਹੈ, ਉਦੋਂ ਤੋਂ ਉਨ੍ਹਾਂ ਨੇ ਗੈਰ ਕਾਨੂੰਨੀ ਪ੍ਰਵਾਸੀਆਂ ‘ਤੇ ਨਕੇਲ ਕਸੀ ਹੈ। ਦੱਸ ਦਈਏ ਕਿ ਮੀਡੀਆ ਦੀ ਰਿਪੋਰਟਾਂ ਅਨੁਸਾਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਹੁਣ ਤੱਕ ਸੰਯੁਕਤ ਰਾਜ ਅਮਰੀਕਾ ਵਿਚ ਰਹਿ ਰਹੇ 20 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੇ ਸਵੈ-ਇੱਛਾ ਨਾਲ ਦੇਸ਼ ਨਿਕਾਲੇ ਦੀ ਚੋਣ ਕੀਤੀ ਹੈ ਜਾਂ ਉਨ੍ਹਾਂ ‘ਚੋਂ ਕਈਆਂ ਨੂੰ ਇਥੋਂ ਜ਼ਬਰਦਸਤੀ ਵਾਪਿਸ ਭੇਜ ਦਿੱਤਾ ਗਿਆ ਹੈ।
ਅਮਰੀਕਾ ਦੇ ਗ੍ਰਹਿ ਸੁਰੱਖਿਆ ਵਿਭਾਗ ਨੇ ਮੰਗਲਵਾਰ ਸਵੇਰੇ ਐਲਾਨ ਕੀਤਾ ਕਿ ਜਨਵਰੀ ਦੇ ਅਖੀਰ ਤੋਂ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ ਦੁਆਰਾ 4 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ‘ਚੋਣ ਵਾਪਿਸ ਭੇਜ ਦਿੱਤਾ ਗਿਆ ਹੈ। ਗ੍ਰਹਿ ਸੁਰੱਖਿਆ ਵਿਭਾਗ 20 ਜਨਵਰੀ, 2026 ਤੱਕ 6 ਲੱਖ ਹੋਰ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢੇਗਾ।
ਇੱਥੇ ਇਹ ਜ਼ਿਕਰਯੋਗ ਹੈ ਕਿ ਟਰੰਪ ਨੇ ਪਹਿਲਾਂ ਹੀ ਕਿਹਾ ਸੀ ਕਿ 1 ਸਾਲ ਵਿਚ 1 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿਚੋਂ ਕੱਢਿਆ ਜਾਵੇਗਾ। ਇਸ ਤੋਂ ਇਲਾਵਾ ਸਰਕਾਰ ਦੁਆਰਾ ਗ੍ਰਿਫ਼ਤਾਰੀਆਂ, ਨਜ਼ਰਬੰਦੀ ਅਤੇ ਦੇਸ਼ ਨਿਕਾਲੇ ਦਾ ਸਾਹਮਣਾ ਕਰਨ ਦੀ ਬਜਾਏ 16 ਲੱਖ ਲੋਕਾਂ ਨੇ ਖੁਦ ਹੀ ਅਮਰੀਕਾ ਛੱਡਣ ਦੀ ਚੋਣ ਕੀਤੀ ਹੈ। ਇੰਨੇ ਥੋੜ੍ਹੇ ਸਮੇਂ ਵਿਚ ਰਾਸ਼ਟਰਪਤੀ ਟਰੰਪ ਦੀ ਸਖਤੀ ਅਤੇ ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸ਼ਟੀ ਨੋਇਮ ਦੀ ਅਗਵਾਈ ਵਿਚ ਹੁਣ ਤੱਕ ਦਾ ਇਹ ਸਭ ਤੋਂ ਵੱਡਾ ਐਕਸ਼ਨ ਲਿਆ ਗਿਆ ਹੈ। ਅਮਰੀਕੀ ਇਤਿਹਾਸ ਵਿਚ ਪਹਿਲਾਂ ਇਹ ਕਦੇ ਵੀ ਨਹੀਂ ਹੋਇਆ।

ਕੁੱਝ ਸਮਾਂ ਪਹਿਲਾਂ ਟਰੰਪ ਦੇ ਸੱਤਾ ਸੰਭਾਲਣ ਤੋਂ ਬਾਅਦ ਇਮੀਗ੍ਰੇਸ਼ਨ ਨੀਤੀ ਨੂੰ ਲਾਗੂ ਕਰਨ ‘ਚ ਤੇਜ਼ੀ ਲਿਆਉਣ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਵੈ-ਇੱਛਾ ਨਾਲ ਦੇਸ਼ ਛੱਡਣ ਦਾ ਸੁਨੇਹਾ ਦਿੱਤਾ ਗਿਆ ਸੀ, ਜੋ ਕਿ ਕਾਮਯਾਬ ਰਿਹਾ। ਹੋਮਲੈਂਡ ਸਕਿਓਰਿਟੀ ਸੈਕਟਰੀ ਕ੍ਰਿਸ਼ਟੀ ਨੋਇਮ ਨੇ ਅਗਸਤ ਦੇ ਅੱਧ ਵਿਚ ਕਿਹਾ ਸੀ ਕਿ ਹੁਣ ਤੱਕ 1.6 ਮਿਲੀਅਨ ਗੈਰ ਕਾਨੂੰਨੀ ਪ੍ਰਵਾਸੀ ਅਮਰੀਕਾ ਛੱਡ ਗਏ ਹਨ। ਇਸ ਤੋਂ ਬਾਅਦ ਲਗਭਗ 6 ਹਫਤਿਆਂ ਵਿਚ 4 ਲੱਖ ਲੋਕ ਸਵੈ-ਇੱਛਾ ਨਾਲ ਅਮਰੀਕਾ ਛੱਡ ਕੇ ਆਪਣੇ ਦੇਸ਼ਾਂ ਨੂੰ ਵਾਪਸ ਚਲੇ ਗਏ ਹਨ।
ਅਮਰੀਕੀ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਇਥੋਂ ਕੱਢਣ ਲਈ 10 ਹਜ਼ਾਰ ਹੋਰ ਅਧਿਕਾਰੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਇਹ ਸਾਰਾ ਕੁੱਝ ਟਰੰਪ ਦੇ ‘ਵਨ ਬਿਗ ਬਿਊਟੀਫੁਲ’ ਬਿੱਲ ਦੇ ਅਧੀਨ ਹੋ ਰਿਹਾ ਹੈ।
