ਨਵੀਂ ਦਿੱਲੀ, 22 ਜੂਨ 2024 – ਅਮਰੀਕਾ ਦੇ ਅਰਕਾਨਸਾਸ ‘ਚ ਇਕ ਕਰਿਆਨੇ ਦੀ ਦੁਕਾਨ ‘ਤੇ ਸ਼ੁੱਕਰਵਾਰ ਨੂੰ ਹੋਈ ਗੋਲੀਬਾਰੀ ‘ਚ 3 ਲੋਕਾਂ ਦੀ ਮੌਤ ਹੋ ਗਈ ਅਤੇ 10 ਜ਼ਖਮੀ ਹੋ ਗਏ।
ਇਹ ਘਟਨਾ ਸਵੇਰੇ 11.30 ਵਜੇ ਦੇ ਕਰੀਬ ਫੋਰਡੀਸ ਸਥਿਤ ਮੈਡ ਬੁਚਰ ਕਰਿਆਨੇ ਦੀ ਦੁਕਾਨ ‘ਤੇ ਵਾਪਰੀ। ਗੋਲੀਬਾਰੀ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ‘ਚ ਹਮਲਾਵਰ ਵੀ ਗੰਭੀਰ ਜ਼ਖਮੀ ਹੋ ਗਿਆ। ਅਰਕਨਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਦੇ ਡਾਇਰੈਕਟਰ ਮਾਈਕ ਹੇਗਰ ਨੇ ਦੱਸਿਆ ਕਿ ਦੋ ਪੁਲਸ ਅਫਸਰਾਂ ਨੂੰ ਵੀ ਗੋਲੀ ਲੱਗੀ ਹੈ, ਜੋ ਜ਼ਖਮੀ ਹਨ।
ਖਬਰਾਂ ਮੁਤਾਬਕ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਤਸਵੀਰਾਂ ‘ਚ ਕਰਿਆਨੇ ਦੀ ਦੁਕਾਨ ਦੀ ਖਿੜਕੀ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਇਸ ਘਟਨਾ ਤੋਂ ਬਾਅਦ ਅਰਕਨਸਾਸ ਦੀ ਗਵਰਨਰ ਸਾਰਾਹ ਹਕਾਬੀ ਸੈਂਡਰਸ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ ਹੈ। ਇਸ ਮਾਮਲੇ ਦੀ ਸੂਚਨਾ ਮਿਲਣ ‘ਤੇ ਜਲਦੀ ਤੋਂ ਜਲਦੀ ਕਾਰਵਾਈ ਕਰਨ ਲਈ ਮੈਂ ਪੁਲਿਸ ਦਾ ਧੰਨਵਾਦੀ ਹਾਂ। ਮੇਰੀ ਹਮਦਰਦੀ ਪੀੜਤਾਂ ਨਾਲ ਹੈ।
ਅਰਕਨਸਾਸ ਵਿੱਚ ਡੇਵਿਡ ਰੋਡਰਿਗਜ਼ (58) ਆਪਣੀ ਕਾਰ ‘ਚ ਗੈਸ ਭਰਨ ਲਈ ਇੱਕ ਸਥਾਨਕ ਗੈਸ ਸਟੇਸ਼ਨ ਉੱਤੇ ਰੁਕਿਆ ਸੀ। ਫਿਰ ਉਨ੍ਹਾਂ ਨੇ ਨੇੜੇ ਦੀ ਦੁਕਾਨ ਤੋਂ ਕੁਝ ਗੋਲੀਆਂ ਦੀ ਆਵਾਜ਼ ਸੁਣੀ। ਡੇਵਿਡ ਨੇ ਕਿਹਾ ਕਿ ਉਸਨੇ ਲੋਕਾਂ ਨੂੰ ਮੈਡ ਬੁਚਰ ਕਰਿਆਨੇ ਦੀ ਦੁਕਾਨ ਤੋਂ ਬਾਹਰ ਭੱਜਦੇ ਦੇਖਿਆ। ਇਸ ਦੌਰਾਨ ਇਕ ਵਿਅਕਤੀ ਜ਼ਮੀਨ ‘ਤੇ ਲੇਟਿਆ ਹੋਇਆ ਸੀ।