- ਕਿਹਾ- ਵਪਾਰਕ ਕਾਰਨਾਂ ਕਰਕੇ ਲਿਆ ਫੈਸਲਾ, ਸਾਈਡ ਇਫੈਕਟ ਨਾਲ ਨਹੀਂ ਕੋਈ ਸਬੰਧ
ਨਵੀਂ ਦਿੱਲੀ, 8 ਮਈ 2024 – ਬ੍ਰਿਟਿਸ਼ ਫਾਰਮਾਸਿਊਟੀਕਲ ਕੰਪਨੀ AstraZeneca ਨੇ ਦੁਨੀਆ ਭਰ ਵਿੱਚ ਕੋਵਿਡ-19 ਵੈਕਸੀਨ ਦੀ ਖਰੀਦੋ-ਫਰੋਖਤ ਨੂੰ ਰੋਕਣ ਦਾ ਫੈਸਲਾ ਕੀਤਾ ਹੈ। ‘ਦ ਟੈਲੀਗ੍ਰਾਫ’ ਦੀ ਰਿਪੋਰਟ ਮੁਤਾਬਕ ਕੰਪਨੀ ਨੇ ਕਿਹਾ ਹੈ ਕਿ ਹੁਣ ਵੈਕਸੀਨ ਦਾ ਨਿਰਮਾਣ ਅਤੇ ਸਪਲਾਈ ਨਹੀਂ ਕੀਤਾ ਜਾ ਰਿਹਾ ਹੈ।
AstraZeneca ਦਾ ਦਾਅਵਾ ਹੈ ਕਿ ਵੈਕਸੀਨ ਨੂੰ ਬੰਦ ਕਰਨ ਦਾ ਫੈਸਲਾ ਮਾੜੇ ਪ੍ਰਭਾਵਾਂ ਕਾਰਨ ਨਹੀਂ ਲਿਆ ਗਿਆ ਹੈ। ਕੰਪਨੀ ਨੇ ਕਿਹਾ ਕਿ ਵਪਾਰਕ ਕਾਰਨਾਂ ਕਰਕੇ ਟੀਕੇ ਨੂੰ ਬਾਜ਼ਾਰਾਂ ਵਿੱਚੋਂ ਹਟਾਇਆ ਜਾ ਰਿਹਾ ਹੈ। ਹੁਣ ਬਜ਼ਾਰ ਵਿੱਚ ਕਈ ਹੋਰ ਉੱਨਤ ਟੀਕੇ ਉਪਲਬਧ ਹਨ, ਜੋ ਵਾਇਰਸ ਦੇ ਵੱਖ-ਵੱਖ ਰੂਪਾਂ ਨਾਲ ਲੜ ਸਕਦੇ ਹਨ। ਅਜਿਹੇ ‘ਚ ਐਸਟਰਾਜੇਨੇਕਾ ਵੈਕਸੀਨ ਦਾ ਨਿਰਮਾਣ ਅਤੇ ਸਪਲਾਈ ਰੋਕ ਦਿੱਤੀ ਗਈ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ, AstraZeneca ਨੇ ਇਸ ਸਾਲ 5 ਮਾਰਚ ਨੂੰ ਵੈਕਸੀਨ ਵਾਪਸ ਲੈਣ ਲਈ ਅਰਜ਼ੀ ਦਿੱਤੀ ਸੀ। ਇਹ ਮੰਗਲਵਾਰ (7 ਮਈ) ਤੋਂ ਲਾਗੂ ਹੋ ਗਿਆ ਹੈ। ਵੈਕਸੀਨ ਹੁਣ ਯੂਰਪੀਅਨ ਯੂਨੀਅਨ ਵਿੱਚ ਨਹੀਂ ਵਰਤੀ ਜਾ ਸਕਦੀ ਹੈ।
AstraZeneca ਨੇ 2020 ਵਿੱਚ ਆਕਸਫੋਰਡ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੋਰੋਨਾ ਵੈਕਸੀਨ ਬਣਾਈ ਸੀ। ਇਸਦੇ ਫਾਰਮੂਲੇ ਤੋਂ, ਭਾਰਤ ਵਿੱਚ ਸੀਰਮ ਇੰਸਟੀਚਿਊਟ ਨੇ ਕੋਵਿਸ਼ੀਲਡ ਨਾਮ ਦੀ ਇੱਕ ਵੈਕਸੀਨ ਬਣਾਈ। ਜਦੋਂ ਕਿ ਬਰਤਾਨੀਆ ਅਤੇ ਆਸਟ੍ਰੇਲੀਆ ਵਿਚ ਇਸ ਨੂੰ ‘ਵੈਕਸਜਾਵੇਰੀਆ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਅਸਲ ਵਿੱਚ, AstraZeneca ਨੇ ਫਰਵਰੀ ਵਿੱਚ ਬ੍ਰਿਟਿਸ਼ ਹਾਈ ਕੋਰਟ ਨੂੰ ਦੱਸਿਆ ਸੀ ਕਿ ਉਨ੍ਹਾਂ ਦੀ ਕੋਵਿਡ -19 ਵੈਕਸੀਨ ਦੇ ਖਤਰਨਾਕ ਮਾੜੇ ਪ੍ਰਭਾਵ ਹੋ ਸਕਦੇ ਹਨ। ਕੰਪਨੀ ਨੇ ਅਦਾਲਤ ‘ਚ ਪੇਸ਼ ਕੀਤੇ ਆਪਣੇ ਦਸਤਾਵੇਜ਼ਾਂ ‘ਚ ਕਿਹਾ ਹੈ ਕਿ ਇਸ ਦੀ ਕੋਰੋਨਾ ਵੈਕਸੀਨ ਕੁਝ ਮਾਮਲਿਆਂ ‘ਚ ਥਰੋਮਬੋਸਿਸ ਥ੍ਰੋਮਬੋਸਾਈਟੋਪੇਨੀਆ ਸਿੰਡਰੋਮ ਯਾਨੀ ਟੀਟੀਐੱਸ ਦਾ ਕਾਰਨ ਬਣ ਸਕਦੀ ਹੈ।
ਇਸ ਬਿਮਾਰੀ ਦੇ ਕਾਰਨ ਸਰੀਰ ਵਿੱਚ ਖੂਨ ਦੇ ਥੱਕੇ ਬਣ ਜਾਂਦੇ ਹਨ ਅਤੇ ਪਲੇਟਲੈਟਸ ਦੀ ਗਿਣਤੀ ਘੱਟ ਜਾਂਦੀ ਹੈ। ਹਾਲਾਂਕਿ, ਇਹ ਬਹੁਤ ਘੱਟ ਮਾਮਲਿਆਂ ਵਿੱਚ ਹੀ ਵਾਪਰਦਾ ਹੈ। AstraZeneca ‘ਤੇ ਦੋਸ਼ ਹੈ ਕਿ ਉਨ੍ਹਾਂ ਦੇ ਟੀਕੇ ਕਾਰਨ ਕਈ ਲੋਕਾਂ ਦੀ ਮੌਤ ਹੋਈ ਹੈ।
ਕਈਆਂ ਨੂੰ ਗੰਭੀਰ ਬਿਮਾਰੀਆਂ ਦਾ ਸਾਹਮਣਾ ਕਰਨਾ ਪਿਆ। ਕੰਪਨੀ ਖਿਲਾਫ ਹਾਈਕੋਰਟ ‘ਚ 51 ਕੇਸ ਚੱਲ ਰਹੇ ਹਨ। ਪੀੜਤਾਂ ਨੇ ਐਸਟਰਾਜ਼ੇਨੇਕਾ ਤੋਂ ਕਰੀਬ 1 ਹਜ਼ਾਰ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ।