ਅੰਮ੍ਰਿਤਸਰ, 10 ਅਗਸਤ 2022 – ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲੇ ‘ਚ ਇਕ ਆਤਮਘਾਤੀ ਹਮਲੇ ‘ਚ ਘੱਟੋ-ਘੱਟ ਚਾਰ ਫੌਜੀ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ ਹਨ। ਫੌਜ ਦੇ ਮੀਡੀਆ ਮਾਮਲਿਆਂ ਦੇ ਵਿੰਗ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇੰਟਰ-ਸਰਵਿਸਜ਼ ਪਬਲਿਕ ਰਿਲੇਸ਼ਨਜ਼ ਪਾਕਿਸਤਾਨ (ਆਈ.ਐਸ.ਪੀ.ਆਰ.) ਨੇ ਕਿਹਾ ਕਿ ਜ਼ਿਲ੍ਹੇ ਦੇ ਮੀਰ ਅਲੀ ਤਹਿਸੀਲ ਖੇਤਰ ਵਿੱਚ ਪੱਤਾਸੀ ਚੈੱਕ ਪੋਸਟ ਨੇੜੇ ਇੱਕ ਤਿੰਨ ਪਹੀਆ ਵਾਹਨ ਰਿਕਸ਼ਾ ਨੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਚਾਰ ਸੈਨਿਕ ਮਾਰੇ ਗਏ ਅਤੇ ਸੱਤ ਜ਼ਖ਼ਮੀ ਹੋ ਗਏ। ਆਈਐਸਪੀਆਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੱਤ ਜ਼ਖ਼ਮੀਆਂ ਵਿੱਚ ਤਿੰਨ ਸੈਨਿਕ, ਦੋ ਨਾਇਕ ਰੈਂਕ ਦੇ ਸਿਪਾਹੀ ਅਤੇ ਦੋ ਨਾਗਰਿਕ ਸ਼ਾਮਲ ਹਨ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ ਪਾਕਿਸਤਾਨ ਦੇ ਕਮਾਂਡਰ ਹਾਫ਼ਿਜ਼ ਗੁਲ ਬਹਾਦਰ ਨੇ ਦਿੱਤੀ ਹੈ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਆਤਮਘਾਤੀ ਹਮਲੇ ‘ਚ ਹੋਈਆਂ ਮੌਤਾਂ ‘ਤੇ ਸੋਗ ਪ੍ਰਗਟ ਕੀਤਾ ਅਤੇ ਅੱਤਵਾਦ ਨੂੰ ਜੜ੍ਹੋਂ ਪੁੱਟਣ ਲਈ ਦੇਸ਼ ਦੇ ਦ੍ਰਿੜ ਸੰਕਲਪ ਨੂੰ ਦੁਹਰਾਇਆ। ਹਮਲੇ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ।
ਆਈਐਸਪੀਆਰ ਨੇ ਕਿਹਾ ਹੈ ਕਿ ਪਾਕਿਸਤਾਨੀ ਫੌਜ ਅੱਤਵਾਦ ਨੂੰ ਖਤਮ ਕਰਨ ਲਈ ਵਚਨਬੱਧ ਹੈ ਅਤੇ ਅਸੀਂ ਆਪਣੇ ਬਹਾਦਰ ਸੈਨਿਕਾਂ ਦੀਆਂ ਕੁਰਬਾਨੀਆਂ ਨੂੰ ਵਿਅਰਥ ਨਹੀਂ ਜਾਣ ਦੇਵਾਂਗੇ। ਪਾਕਿਸਤਾਨ ਦੇ ਡਾਨ ਅਖਬਾਰ ਮੁਤਾਬਕ ਉੱਤਰੀ ਵਜ਼ੀਰਿਸਤਾਨ ਦੇ ਕਬਾਇਲੀ ਇਲਾਕਿਆਂ ‘ਚ ਪਾਕਿਸਤਾਨੀ ਸੁਰੱਖਿਆ ਬਲਾਂ ‘ਤੇ ਹਮਲੇ ਦੀ ਇਹ ਘਟਨਾ ਨਵੀਂ ਨਹੀਂ ਹੈ। ਪਿਛਲੇ ਕੁਝ ਮਹੀਨਿਆਂ ‘ਚ ਸੁਰੱਖਿਆ ਬਲਾਂ ‘ਤੇ ਅਜਿਹੇ ਹਮਲੇ ਵਧੇ ਹਨ। 4 ਜੁਲਾਈ ਨੂੰ ਵੀ ਇਸੇ ਇਲਾਕੇ ‘ਚ ਆਤਮਘਾਤੀ ਹਮਲਾਵਰਾਂ ਨੇ ਸੁਰੱਖਿਆ ਬਲਾਂ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ‘ਚ 10 ਜਵਾਨ ਜ਼ਖਮੀ ਹੋ ਗਏ ਸਨ।