ਕਿਊਬਕ, 21 ਸਤੰਬਰ 2024 – ਕੈਨੇਡਾ ਦੇ ਕਿਊਬਕ ਸੂਬੇ ‘ਚ ਸਰਕਾਰੀ ਅਹੁਦਿਆਂ ਤੇ ਤਾਇਨਾਤ ਸਿੱਖਾਂ ਦੇ ਦਸਤਾਰ ਸਜਾਉਣ ‘ਤੇ ਪਾਬੰਦੀ ਲਾਈ ਗਈ ਹੈ। ਕਿਊਬਕ ਸੂਬੇ ’ਚ ਜੂਨ 2019 ’ਚ ਪਾਸ ਕੀਤੇ ਗਏ ਵਿਵਾਦਤ ਕਾਨੂੰਨ ‘ਬਿੱਲ 21’ ਵਿੱਚ ਜੱਜਾਂ, ਪੁਲੀਸ ਅਧਿਕਾਰੀਆਂ, ਅਧਿਆਪਕਾਂ ਅਤੇ ਹੋਰ ਸਰਕਾਰੀ ਅਹੁਦਿਆਂ ’ਤੇ ਤਾਇਨਾਤ ਵਿਅਕਤੀਆਂ ਨੂੰ ਕੰਮ ਸਮੇਂ ਕਿਰਪਾਨ, ਦਸਤਾਰ ਜਾਂ ਹਿਜਾਬ ਜਿਹੇ ਧਾਰਮਿਕ ਚਿੰਨ੍ਹ ਧਾਰਨ ਕਰਨ ’ਤੇ ਪਾਬੰਦੀ ਲਾਈ ਗਈ ਹੈ। ਇਸ ਸਾਲ ਫਰਵਰੀ ’ਚ ਕਿਊਬਕ ਕੋਰਟ ਆਫ਼ ਅਪੀਲ ਨੇ ਵਿਵਾਦਤ ਕਾਨੂੰਨ ਬਹਾਲ ਰੱਖਣ ਦੇ ਹੁਕਮ ਸੁਣਾਏ ਸਨ।
ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਸ਼ਨੀਵਾਰ ਨੂੰ ਸਿਖਰਲੀ ਸਿੱਖ ਸੰਸਥਾ ਅਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਦੇਸ਼ ਦੇ ਕਿਊਬਿਕ ਸੂਬੇ ਵਿੱਚ ਉੱਚ ਅਹੁਦਿਆਂ ‘ਤੇ ਬੈਠੇ ਸਰਕਾਰੀ ਕਰਮਚਾਰੀਆਂ ਲਈ ਦਸਤਾਰ ‘ਤੇ ਪਾਬੰਦੀ ਦਾ ਮੁੱਦਾ ਉਠਾਉਣ ਦੀ ਅਪੀਲ ਕੀਤੀ ਹੈ। ਭਾਰਤ ਦੇ ਸਾਬਕਾ ਸੰਸਦ ਮੈਂਬਰ ਤਰਲੋਚਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਦੇ ਪ੍ਰਧਾਨ ਜਥੇਦਾਰ ਅਕਾਲ ਤਖਤ ਅਤੇ ਕੈਨੇਡਾ ਦੇ ਸਿੱਖ ਸੰਸਦ ਮੈਂਬਰਾਂ ਨੂੰ ਯੂ.ਕੇ. ਦੇ ਸੰਸਦ ਮੈਂਬਰਾਂ ਦੀ ਮਿਸਾਲ ‘ਤੇ ਚੱਲਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਸਿੱਖ ਚਿੰਨ੍ਹਾਂ ਦੀ ਰਾਖੀ ਲਈ ਦਸਤਾਰ ‘ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ‘ਚ ਸੋਧ ਕਰਵਾਈ ਸੀ।