ਚੰਡੀਗੜ੍ਹ, 4 ਅਕਤੂਬਰ 2025 – ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗ਼ੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਕਾਰਵਾਈ ‘ਚ ਲੱਗੇ ਹੋਏ ਹਨ, ਉੱਥੇ ਹੀ ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅਮਰੀਕਾ ਨੇ ਫੌਜੀਆਂ ਦੀ ਭਰਤੀ ਲਈ ਨਵੇਂ ਨਿਯਮ ਜਾਰੀ ਕੀਤੇ ਹਨ।
ਨਵੇਂ ਨਿਯਮਾਂ ਮੁਤਾਬਕ ਅਮਰੀਕੀ ਫ਼ੌਜ ‘ਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ, ਜਿਨ੍ਹਾਂ ਮੁਤਾਬਕ ਹੁਣ ਫ਼ੌਜ ‘ਚ ਭਰਤੀ ਹੋਣ ਵਾਲੇ ਨੌਜਵਾਨ ਦਾੜ੍ਹੀ ਨਹੀਂ ਰੱਖ ਸਕਣਗੇ। ਇਸ ਫ਼ੈਸਲੇ ਮਗਰੋਂ ਫੌਜ ‘ਚ ਭਰਤੀ ਹੋਏ ਸਿੱਖ ਫੌਜੀਆਂ ‘ਚ ਚਿੰਤਾ ਦੇਖੀ ਜਾ ਰਹੀ ਹੈ।
ਅਸਲ ‘ਚ 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕੋਰ ਬੇਸ ਵਿਖੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਗਸੇਥ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਸੀ ਕਿ ਫੌਜ ‘ਚ ਅਨੁਸ਼ਾਸਨ ਨੂੰ ਪਹਿਲ ਦੇ ਆਧਾਰ ‘ਤੇ ਮੰਨਿਆ ਜਾਵੇਗਾ। ਉਨ੍ਹਾਂ ਕਿਹਾ, ”ਤੁਸੀਂ ਫੌਜ ‘ਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੇਵ ਕਰਨੀ ਪਵੇਗੀ। ਫ਼ੌਜ ‘ਚ ਦਾੜ੍ਹੀ ਰੱਖਣ ਲਈ ਧਾਰਮਿਕ ਕਾਰਨ ਰੱਦ ਕਰ ਦਿੱਤੇ ਜਾਣਗੇ।”

ਉਨ੍ਹਾਂ ਦੇ ਇਸ ਬਿਆਨ ਮਗਰੋਂ ਪੈਂਟਾਗਨ ਵੱਲੋਂ ਇਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ, ਜਿਸ ਮੁਤਾਬਕ ਫੌਜ ਦੇ ਲਗਭਗ ਸਾਰੇ ਅਧਿਕਾਰੀਆਂ ਨੂੰ ਦਾੜ੍ਹੀ ਕੱਟਣੀ ਪਵੇਗੀ। ਹਾਲਾਂਕਿ ਸਿਰਫ਼ ਉੱਚ ਪੱਧਰੀ ਅਧਿਕਾਰੀ ਹੀ ਦਾੜ੍ਹੀ ਰੱਖ ਸਕਣਗੇ।
ਪ੍ਰਸ਼ਾਸਨ ਦੇ ਇਸ ਫ਼ੈਸਲੇ ਮਗਰੋਂ ਸਿੱਖ, ਮੁਸਲਿਮ ਤੇ ਯਹੂਦੀ ਨੌਜਵਾਨ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ, ਜੋ ਫੌਜ ‘ਚ ਭਰਤੀ ਹੋਣ ਦੇ ਚਾਹਵਾਨ ਹਨ। ਹੁਣ ਉਨ੍ਹਾਂ ਨੂੰ ਆਪਣੇ ਧਾਰਮਿਕ ਨਿਯਮਾਂ ਤੇ ਫ਼ੌਜ ‘ਚ ਭਰਤੀ ਹੋਣ ਦੇ ਸੁਫ਼ਨੇ ‘ਚੋਂ ਕਿਸੇ ਇਕ ਨੂੰ ਚੁਣਨਾ ਪਵੇਗਾ।
