ਕਾਬੁਲ, 18 ਜੂਨ 2022 – ਅਫਗਾਨਿਸਤਾਨ ਦੀ ਰਾਜਧਾਨੀ ਕਾਬਲ ਵਿਚ ਗੁਰਦੁਆਰਾ ਕਰਤੇ ਪਰਵਾਨ ਨੇੜੇ ਦੋ ਬੰਬ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਗੁਰਦੁਆਰਾ ‘ਕਰਤੇ ਪਰਵਾਨ’ ਕਾਬੁਲ ਅਫ਼ਗਾਨਿਸਤਾਨ ਉੱਤੇ ਅੱਤਵਾਦੀਆਂ ਵਲੋਂ ਤਾਬੜਤੋੜ ਗੋਲੀਆਂ ਚਲਾਉਣ ਮਗਰੋਂ ਬੰਬ ਵੀ ਸੁੱਟੇ। ਮੀਡੀਆ ਰਿਪੋਰਟਾਂ ਤੋਂ ਮਿਲੀ ਖ਼ਬਰ ਅਨੁਸਾਰ ਇਹ ਬੰਬ ਧਮਾਕੇ ਕਾਬਲ ਵਿਚ ਗੁਰਦੁਆਰਾ ਕਰਤੇ ਪਰਵਾਨ ਦੇ ਬਹੁਤ ਨੇੜੇ ਹੋਏ ਹਨ ਅਤੇ ਸਵੇਰੇ ਕੁੱਝ ਅੱਤਵਾਦੀਆਂ ਨੇ ਇਹ ਧਮਾਕੇ ਕੀਤੇ ਹਨ ਅਤੇ ਸਵੇਰੇ 9 ਵਜੇ ਤੱਕ ਗੋਲੀਆਂ ਚੱਲਣ ਦੀ ਆਵਾਜ਼ ਸੁਣਵਾਈ ਦੇ ਰਹੀ ਸੀ।
ਹਾਲਾਂਕਿ ਅਜੇ ਤੱਕ ਕਿਸੇ ਵੀ ਸੰਗਠਨ ਨੇ ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਇਹ ਧਮਾਕੇ ਕਿਸ ਮੰਤਵ ਨੂੰ ਮੁੱਖ ਰੱਖ ਕੇ ਕੀਤੇ ਗਏ ਹਨ।
ਨਿਊਜ਼ 18 ਦੀ ਖ਼ਬਰ ਅਨੁਸਾਰ ਕਰਤੇ ਪਰਵਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਨਾਮ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੇੜੇ ਧਮਾਕਾ ਹੋਇਆ ਤੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ ਹਨ। ਉਹਨਾਂ ਦੱਸਿਆ ਕਿ ਚੌਕੀਦਾਰ ਦੀ ਮੌਤ ਹੋ ਗਈ ਹੈ ਤੇ ਹਾਲੇ ਇਹ ਪਤਾ ਨਹੀਂ ਲੱਗ ਸਕਿਆ ਕਿ ਕਿੰਨੀਆਂ ਮੌਤਾਂ ਹੋਈਆਂ, ਹੋਈਆਂ ਵੀ ਹਨ ਜਾਂ ਨਹੀਂ ਜਾਂ ਫਿਰ ਕਿੰਨੇ ਫੱਟੜ ਹਨ। ਪਰ ਇਸ ਵੇਲੇ ਗੁਰਦੁਆਰਾ ਸਾਹਿਬ ਦੇ ਅੰਦਰ ਸੰਗਤ ਫਸੀ ਹੋਈ ਹੈ।
ਪੰਜਾਬੀ ਜਾਗਰਣ ਮੀਡੀਆ ਦੀ ਰਿਪੋਰਟ ਅਨੁਸਾਰ, ਭਾਈ ਸਤਬੀਰ ਸਿੰਘ ਨੇ ਦੱਸਿਆ ਕਿ ਅੱਤਵਾਦੀਆਂ ਵੱਲੋਂ ਅੱਜ ਸਵੇਰੇ ਗੁਰਦੁਆਰਾ ਸਾਹਿਬ ਤੇ ਤਾਬੜਤੋੜ ਗੋਲੀਆਂ ਚਲਾਈਆਂ ਹਨ ਤੇ ਬੰਬ ਧਮਾਕੇ ਦੀ ਆਵਾਜ਼ ਵੀ ਆਈ ਹੈ। ਜਿਸ ਨਾਲ ਗੁਰਦੁਆਰੇ ਦੇ ਇਕ ਪਾਸੇ ਤੋਂ ਧੂੰਆਂ ਹੀ ਧੂੰਆਂ ਨਿਕਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਅੱਜ ਸਵੇਰੇ ਕਰੀਬ ਵੀਹ ਤੋਂ ਤੀਹ ਸਿੱਖ ਆਪਣੇ ਪਰਿਵਾਰਾਂ ਨਾਲ ਹਰ ਰੋਜ਼ ਨਤਮਸਤਕ ਹੋਣ ਲਈ ਸਵੇਰੇ ਆਏ ਸਨ ਜਿੱਥੇ ਕਿ ਅੱਤਵਾਦੀਆਂ ਵੱਲੋਂ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ ਹਨ।