- ਮ+ਰਨ ਵਾਲਿਆਂ ਵਿਚ ਜ਼ਿਆਦਾਤਰ ਪ੍ਰਵਾਸੀ
ਨਵੀਂ ਦਿੱਲੀ, 7 ਅਕਤੂਬਰ 2023 – ਮੈਕਸੀਕੋ ਦੇ ਦੱਖਣੀ ਰਾਜ ਓਆਕਸਾਕਾ ਵਿੱਚ ਸ਼ੁੱਕਰਵਾਰ ਨੂੰ ਇੱਕ ਬੱਸ ਪਲਟ ਗਈ। ਇਸ ਹਾਦਸੇ ‘ਚ 3 ਬੱਚਿਆਂ ਅਤੇ 2 ਔਰਤਾਂ ਸਮੇਤ 18 ਲੋਕਾਂ ਦੀ ਮੌਤ ਹੋ ਗਈ, ਜਦਕਿ 29 ਲੋਕ ਜ਼ਖਮੀ ਹੋ ਗਏ। ਸੀਐਨਐਨ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਪ੍ਰਵਾਸੀ ਸ਼ਾਮਲ ਹਨ। ਇਹ ਲੋਕ ਵੈਨੇਜ਼ੁਏਲਾ ਅਤੇ ਹੈਤੀ ਦੇ ਨਿਵਾਸੀ ਹਨ।
ਓਕਸਾਕਾ ਸਟੇਟ ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਹਾਦਸੇ ਦੀਆਂ ਫੋਟੋਆਂ ਸਾਂਝੀਆਂ ਕੀਤੀਆਂ। ਉਨ੍ਹਾਂ ਮੁਤਾਬਕ ਇਹ ਹਾਦਸਾ ਓਕਸਾਕਾ-ਕੁਕੇਨੋਪਾਲਨ ਨੈਸ਼ਨਲ ਹਾਈਵੇਅ ‘ਤੇ ਵਾਪਰਿਆ। ਪਹਾੜੀ ਇਲਾਕੇ ਵਿੱਚ ਇੱਕ ਮੋੜ ’ਤੇ ਬੱਸ ਪਲਟ ਗਈ। ਬੱਸ ਵਿੱਚ ਕੁੱਲ 55 ਲੋਕ ਸਵਾਰ ਸਨ। ਸਾਰੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਇਹ ਹਾਦਸਾ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਵੱਡੀ ਗਿਣਤੀ ‘ਚ ਪ੍ਰਵਾਸੀਆਂ ਦੀ ਆਮਦ ਦੌਰਾਨ ਵਾਪਰਿਆ ਹੈ। ਪ੍ਰਵਾਸੀ ਬੱਸਾਂ, ਟਰੱਕਾਂ ਅਤੇ ਮਾਲ ਗੱਡੀਆਂ ਵਿੱਚ ਲੁਕ ਕੇ ਮੈਕਸੀਕੋ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸਫ਼ਰ ਅਕਸਰ ਖ਼ਤਰਨਾਕ ਹੁੰਦਾ ਹੈ। ਹਾਲਾਂਕਿ, ਇਹ ਪ੍ਰਵਾਸੀ ਅਜਿਹਾ ਕਰ ਰਹੇ ਸਨ ਜਾਂ ਨਹੀਂ, ਇਸ ਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ।
ਮੈਕਸੀਕੋ ਵਿੱਚ 3 ਅਗਸਤ ਦੀ ਦੇਰ ਰਾਤ ਇੱਕ ਬੱਸ ਹਾਈਵੇਅ ਤੋਂ ਹੇਠਾਂ ਖਾਈ ਵਿੱਚ ਡਿੱਗ ਗਈ। ਇਸ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋ ਗਈ ਸੀ। ਰਾਇਟਰਜ਼ ਦੀ ਰਿਪੋਰਟ ਮੁਤਾਬਕ ਮਰਨ ਵਾਲਿਆਂ ਵਿੱਚ 6 ਭਾਰਤੀ ਵੀ ਸ਼ਾਮਲ ਹਨ। ਬੱਸ ਵਿੱਚ ਬੈਠੇ ਕੁਝ ਲੋਕ ਅਮਰੀਕੀ ਸਰਹੱਦ ਨਾਲ ਲੱਗਦੇ ਸ਼ਹਿਰ ਟਿਜੁਆਨਾ ਵੱਲ ਜਾ ਰਹੇ ਸਨ। ਬੱਸ ‘ਚ ਕਰੀਬ 42 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਭਾਰਤ, ਡੋਮਿਨਿਕਨ ਰੀਪਬਲਿਕ ਅਤੇ ਅਫਰੀਕੀ ਦੇਸ਼ਾਂ ਦੇ ਲੋਕ ਸ਼ਾਮਲ ਸਨ।