- ਜਹਾਜ਼ ਖਰਾਬ ਹੋਣ ਤੋਂ ਬਾਅਦ ਭਾਰਤ ਨੇ ਆਈਏਐਫ ਵਨ ਦੀ ਕੀਤੀ ਸੀ ਪੇਸ਼ਕਸ਼
ਨਵੀਂ ਦਿੱਲੀ, 13 ਸਤੰਬਰ 2023 – ਜੀ-20 ਸੰਮੇਲਨ ਲਈ ਭਾਰਤ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ 2 ਦਿਨ ਦਿੱਲੀ ‘ਚ ਫਸੇ ਰਹਿਣ ਤੋਂ ਬਾਅਦ ਬੀਤੇ ਦਿਨ 12 ਸਤੰਬਰ ਨੂੰ ਦੁਪਹਿਰ ਤੋਂ ਬਾਅਦ ਆਪਣੇ ਦੇਸ਼ ਲਈ ਰਵਾਨਾ ਹੋਏ। ਉਨ੍ਹਾਂ ਨੇ ਸੰਮੇਲਨ ਖਤਮ ਹੋਣ ਤੋਂ ਬਾਅਦ ਐਤਵਾਰ ਰਾਤ ਹੀ ਕੈਨੇਡਾ ਜਾਣਾ ਸੀ। ਪਰ ਉਨ੍ਹਾਂ ਦੇ ਵਿਸ਼ੇਸ਼ ਜਹਾਜ਼ ਵਿੱਚ ਤਕਨੀਕੀ ਨੁਕਸ ਪੈਣ ਕਾਰਨ ਜਹਾਜ਼ ਉਡਾਣ ਨਹੀਂ ਭਰ ਸਕਿਆ। ਇਸ ‘ਤੇ ਭਾਰਤ ਨੇ ਉਸ ਨੂੰ ਆਪਣੇ ਆਈਏਐਫ ਵਨ ਜਹਾਜ਼ ਦੀ ਸੇਵਾ ਦੀ ਪੇਸ਼ਕਸ਼ ਕੀਤੀ ਸੀ ਪਰ ਕੈਨੇਡਾ ਨੇ ਇਨਕਾਰ ਕਰ ਦਿੱਤਾ ਸੀ। ਜਿਸ ਤੋਂ ਬਾਅਦ ਟਰੂਡੋ ਦੇ ਜਹਾਜ਼ ਦੀ 36 ਘੰਟਿਆਂ ਬਾਅਦ ਮੁਰੰਮਤ ਕੀਤੀ ਗਈ।
ਐਤਵਾਰ ਨੂੰ ਜਹਾਜ਼ ਦੇ ਖਰਾਬ ਤੋਂ ਬਾਅਦ ਜਸਟਿਨ ਟਰੂਡੋ ਨੂੰ ਲਿਜਾਣ ਲਈ ਸੋਮਵਾਰ ਰਾਤ ਨੂੰ ਕੈਨੇਡਾ ਤੋਂ ਏਅਰਬੱਸ ਜਹਾਜ਼ ਨੂੰ ਬੁਲਾਇਆ ਗਿਆ। ਉਹ ਵੀ ਸਮੇਂ ਸਿਰ ਨਹੀਂ ਪਹੁੰਚ ਸਕਿਆ। ਰਿਪੋਰਟਾਂ ਮੁਤਾਬਕ ਰਾਇਲ ਕੈਨੇਡੀਅਨ ਏਅਰ ਫੋਰਸ ਦਾ ਜਹਾਜ਼ ਸੀਸੀ-150 ਪੋਲਾਰਿਸ ਨਵੀਂ ਦਿੱਲੀ ਲਈ ਰਵਾਨਾ ਹੋਇਆ। ਹਾਲਾਂਕਿ, ਉਸਨੂੰ ਲੰਡਨ ਤੋਂ ਮੋੜ ਦਿੱਤਾ ਗਿਆ ਸੀ। ਜਦੋਂਕਿ ਜਹਾਜ਼ ਨੇ ਰੋਮ ਰਾਹੀਂ ਭਾਰਤ ਆਉਣਾ ਸੀ। ਇਸ ਨੂੰ ਮੋੜਨ ਦਾ ਕਾਰਨ ਨਹੀਂ ਦੱਸਿਆ ਗਿਆ ਹੈ।
ਟਰੂਡੋ ਵੱਲੋਂ ਵਰਤਿਆ ਜਾਂਦਾ ਜਹਾਜ਼ 36 ਸਾਲ ਪੁਰਾਣਾ ਹੈ। ਇਸ ਵਿਚ ਪਹਿਲਾਂ ਵੀ ਕਈ ਵਾਰ ਤਕਨੀਕੀ ਖਰਾਬੀ ਆ ਚੁੱਕੀ ਹੈ। ਅਕਤੂਬਰ 2016 ਵਿੱਚ, ਟਰੂਡੋ ਦੇ ਜਹਾਜ਼ ਨੇ ਬੈਲਜੀਅਮ ਲਈ ਉਡਾਣ ਭਰੀ ਸੀ ਪਰ ਤਕਨੀਕੀ ਖਰਾਬੀ ਕਾਰਨ ਅੱਧ ਵਿਚਾਲੇ ਹੀ ਵਾਪਸ ਪਰਤਣਾ ਪਿਆ ਸੀ। 2019 ਵਿੱਚ, ਜਦੋਂ ਟਰੂਡੋ ਨਾਟੋ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਯੂਰਪ ਗਏ ਸਨ, ਉਨ੍ਹਾਂ ਦੇ ਜਹਾਜ਼ ਵਿੱਚ ਤਕਨੀਕੀ ਨੁਕਸ ਪੈ ਗਿਆ ਸੀ।
ਆਪਣੇ ਬੇਟੇ ਨਾਲ ਭਾਰਤ ਆਏ ਜਸਟਿਨ ਟਰੂਡੋ ਜੀ-20 ਦੇ ਲਗਭਗ ਸਾਰੇ ਸਮਾਗਮਾਂ ਵਿੱਚ ਅਲੱਗ-ਥਲੱਗ ਨਜ਼ਰ ਆਏ। ਉਹ ਜੀ-20 ਡਿਨਰ ਵਿੱਚ ਵੀ ਸ਼ਾਮਲ ਨਹੀਂ ਹੋਏ। ਇਸ ਦੇ ਨਾਲ ਹੀ ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਗੱਲਬਾਤ ਕੀਤੀ ਸੀ। ਵਪਾਰ ਬਾਰੇ ਵੀ ਕੋਈ ਸਮਝੌਤਾ ਨਹੀਂ ਹੋ ਸਕਿਆ। ਉਨ੍ਹਾਂ ‘ਤੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਦੇ ਦੋਸ਼ ਲੱਗੇ ਸਨ।
ਇਸ ਦੌਰਾਨ ਉਨ੍ਹਾਂ ਜਸਟਿਨ ਟਰੂਡੋ ਕੋਲ ਕੈਨੇਡਾ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਵਿੱਚ ਲੱਗੇ ਖਾਲਿਸਤਾਨੀਆਂ ਦਾ ਮੁੱਦਾ ਉਠਾਇਆ ਸੀ। ਉਨ੍ਹਾਂ ਕਿਹਾ ਸੀ- ਕੈਨੇਡਾ ‘ਚ ਭਾਰਤੀ ਡਿਪਲੋਮੈਟਾਂ ਖਿਲਾਫ ਹਿੰਸਾ ਵਧ ਰਹੀ ਹੈ, ਭਾਰਤੀ ਨਾਗਰਿਕਾਂ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ‘ਤੇ ਹਮਲੇ ਹੋ ਰਹੇ ਹਨ। ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।
ਇਸ ਦੇ ਨਾਲ ਹੀ, ਮੁਲਾਕਾਤ ਤੋਂ ਬਾਅਦ, ਖਾਲਿਸਤਾਨ ਦੇ ਮੁੱਦੇ ‘ਤੇ ਟਰੂਡੋ ਨੇ ਕਿਹਾ- ਪਿਛਲੇ ਕੁਝ ਸਾਲਾਂ ਵਿੱਚ, ਮੈਂ ਇਸ ਮੁੱਦੇ ‘ਤੇ ਪੀਐਮ ਮੋਦੀ ਨਾਲ ਗੱਲ ਕੀਤੀ ਹੈ। ਅਸੀਂ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ। ਸ਼ਾਂਤੀਪੂਰਨ ਪ੍ਰਦਰਸ਼ਨ ਹਰ ਕਿਸੇ ਦਾ ਅਧਿਕਾਰ ਹੈ। ਟਰੂਡੋ ਨੇ ਅੱਗੇ ਕਿਹਾ- ਇਸ ਦੇ ਨਾਲ ਹੀ ਅਸੀਂ ਹਿੰਸਾ ਦਾ ਵਿਰੋਧ ਕਰਦੇ ਹਾਂ ਅਤੇ ਕਿਸੇ ਵੀ ਤਰ੍ਹਾਂ ਦੀ ਨਫ਼ਰਤ ਦੀ ਭਾਵਨਾ ਨੂੰ ਦੂਰ ਕਰਾਂਗੇ। ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੁਝ ਕੁ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਕੈਨੇਡਾ ਦੇ ਵਿਚਾਰਾਂ ਨੂੰ ਨਹੀਂ ਦਰਸਾਉਂਦੀਆਂ। ਅਸੀਂ ਕਾਨੂੰਨ ਦਾ ਸਤਿਕਾਰ ਕਰਦੇ ਹਾਂ।