ਨਵੀਂ ਦਿੱਲੀ, 14 ਅਕਤੂਬਰ 2022 – ਵੀਰਵਾਰ ਨੂੰ ਕੁਝ ਲੋਕਾਂ ਨੇ ਵਾਸ਼ਿੰਗਟਨ ਹਵਾਈ ਅੱਡੇ ‘ਤੇ ਪਾਕਿਸਤਾਨ ਦੇ ਵਿੱਤ ਮੰਤਰੀ ਇਸਹਾਕ ਡਾਰ ਦਾ ਘਿਰਾਓ ਕੀਤਾ ਅਤੇ ‘ਚੋਰ-ਚੋਰ’ ਦੇ ਨਾਅਰੇ ਲਗਾਏ। ਜਾਣਕਾਰੀ ਮੁਤਾਬਕ ਡਾਰ ਵਿਸ਼ਵ ਬੈਂਕ ਦੀ ਬੈਠਕ ‘ਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਪਹੁੰਚੇ ਸਨ।
ਇਸ ਘਟਨਾ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਵਿੱਤ ਮੰਤਰੀ ਇਸਹਾਕ ਡਾਰ, ਅਮਰੀਕੀ ਰਾਜਦੂਤ ਮਸੂਦ ਖਾਨ ਨਾਲ ਨਜ਼ਰ ਆ ਰਹੇ ਹਨ। ਜਿਵੇਂ ਹੀ ਉਹ ਏਅਰਪੋਰਟ ਤੋਂ ਬਾਹਰ ਨਿਕਲਣ ਲੱਗੇ ਤਾਂ ਲੋਕਾਂ ਨੇ ਡਾਰ ਨੂੰ ਝੂਠਾ ਕਹਿ ਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਡਾਰ ਨੇ ਵੀ ਜਵਾਬ ਵਿੱਚ ਪ੍ਰਦਰਸ਼ਨਕਾਰੀਆਂ ਨੂੰ ਝੂਠਾ ਕਿਹਾ। ਇਸ ਦੇ ਨਾਲ ਹੀ ਪੀਐਮਐਲ-ਐਨ ਦੇ ਵਰਜੀਨੀਆ ਚੈਪਟਰ ਦੇ ਪ੍ਰਧਾਨ ਮਨੀ ਬੱਟ ਦੀ ਵੀ ਪ੍ਰਦਰਸ਼ਨਕਾਰੀਆਂ ਨਾਲ ਝੜਪ ਹੋ ਗਈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪਾਕਿਸਤਾਨੀ ਨੇਤਾ ਕਿਸੇ ਦੇਸ਼ ਗਏ ਹਨ ਅਤੇ ਉਨ੍ਹਾਂ ਨਾਲ ਅਜਿਹਾ ਵਿਵਹਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਾਊਦੀ ਅਰਬ ਦੇ ਦੌਰੇ ‘ਤੇ ਸਨ। ਇਸ ਦੌਰਾਨ ਉਨ੍ਹਾਂ ਨੂੰ ਮਦੀਨਾ ‘ਚ ਪਾਕਿਸਤਾਨੀਆਂ ਦੀ ਨਾਅਰੇਬਾਜ਼ੀ ਦਾ ਸਾਹਮਣਾ ਕਰਨਾ ਪਿਆ ਸੀ।
ਪਾਕਿਸਤਾਨੀ ਨਿਊਜ਼ ਵੈੱਬਸਾਈਟ ਜੀਓ ਨਿਊਜ਼ ਦੇ ਅਨੁਸਾਰ, ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਡਾਰ ਨਾਲ ਦੁਰਵਿਵਹਾਰ ਕਰਨ ਵਾਲੇ ਵਿਅਕਤੀ ਦਾ ਸਿਆਸੀ ਝੁਕਾਅ ਕੀ ਸੀ। ਸ਼ਾਹਬਾਜ਼ ਸ਼ਰੀਫ ਨੇ ਅਪ੍ਰੈਲ ‘ਚ ਬੇਭਰੋਸਗੀ ਮਤਾ ਲਿਆ ਕੇ ਇਮਰਾਨ ਖਾਨ ਨੂੰ ਸੱਤਾ ਤੋਂ ਬੇਦਖਲ ਕਰ ਦਿੱਤਾ ਸੀ। ਉਦੋਂ ਤੋਂ ਪੀਟੀਆਈ (ਇਮਰਾਨ ਦੀ ਪਾਰਟੀ) ਅਤੇ ਪੀਐਮਐਲ-ਐਨ (ਸ਼ਾਹਬਾਜ਼ ਸ਼ਰੀਫ਼ ਦੀ ਪਾਰਟੀ) ਦੇ ਸਮਰਥਕ ਕਈ ਦੇਸ਼ਾਂ ਵਿੱਚ ਆਹਮੋ-ਸਾਹਮਣੇ ਹਨ। ਵਿਦੇਸ਼ਾਂ ‘ਚ ਦੋਵਾਂ ਪਾਰਟੀਆਂ ਦੇ ਸਮਰਥਕਾਂ ਵਿਚਾਲੇ ਕਈ ਵਾਰ ਝੜਪਾਂ ਵੀ ਹੋ ਚੁੱਕੀਆਂ ਹਨ।