ਕੱਚੇ ਤੇਲ ਦੀਆਂ ਕੀਮਤਾਂ ’ਚ ਜ਼ਬਰਦਸਤ ਗਿਰਾਵਟ; ਟਰੰਪ ਦੀ ਸ਼ਾਂਤੀ ਸਮਝੌਤੇ ਦੀ ਯੋਜਨਾ ਮੀਡੀਆ ’ਚ ਲੀਕ

ਨਵੀਂ ਦਿੱਲੀ, 9 ਫਰਵਰੀ 2025 – ਇਸ ਸਾਲ 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਡੋਨਾਲਡ ਟਰੰਪ ਨੇ ਕੌਮਾਂਤਰੀ ਪੱਧਰ ’ਤੇ ਤੇਲ ਦੀਆਂ ਕੀਮਤਾਂ ’ਚ ਕਟੌਤੀ ਦੇ ਨਾਲ-ਨਾਲ ਆਪਣੀ ਅਰਥਵਿਵਸਥਾ ’ਤੇ ਵੀ ਤੇਜ਼ੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਟਰੰਪ ਦੀਆਂ ਇਨ੍ਹਾਂ ਕੋਸ਼ਿਸ਼ਾਂ ਦਾ ਸਿੱਧਾ ਅਸਰ ਦੁਨੀਆ ਭਰ ਦੀ ਅਰਥਵਿਵਸਥਾ ’ਤੇ ਜਲਦ ਨਜ਼ਰ ਆਉਣਾ ਸ਼ੁਰੂ ਹੋਵੇਗਾ।

ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦਾਵੋਸ ਦੀ ਵਰਲਡ ਇਕਨਾਮਿਕ ਫੋਰਮ ’ਚ 23 ਜਨਵਰੀ ਨੂੰ ਦਿੱਤੇ ਬਿਆਨ ਤੋਂ ਬਾਅਦ ਹੀ ਕੱਚੇ ਤੇਲ ਦੀਆਂ ਕੀਮਤਾਂ ’ਚ ਕਰੀਬ 10 ਫੀਸਦੀ ਦੀ ਗਿਰਾਵਟ ਆ ਚੁੱਕੀ ਹੈ। 15 ਜਨਵਰੀ ਨੂੰ ਨਿਊਯਾਰਕ ਕਮੋਡਿਟੀ ਐਕਸਚੇਂਜ (ਕਾਮੈਕਸ) ਉੱਤੇ ਕੱਚੇ ਤੇਲ ਦੇ ਭਾਅ 80 ਡਾਲਰ ਪ੍ਰਤੀ ਬੈਰਲ ਸਨ ਅਤੇ ਸ਼ੁੱਕਰਵਾਰ ਸ਼ਾਮ ਨੂੰ ਕਾਮੈਕਸ ’ਤੇ ਕੱਚਾ ਤੇਲ 71 ਡਾਲਰ ਦੇ ਕਰੀਬ ਬੰਦ ਹੋਇਆ।

ਦਰਅਸਲ ਡੋਨਾਲਡ ਟਰੰਪ ਨੇ ਵਰਲਡ ਇਕਨਾਮਿਕ ਫੋਰਮ ’ਚ ਕਿਹਾ ਸੀ,“ਮੈਂ ਮੰਗ ਕਰਾਂਗਾ ਕਿ ਦੁਨੀਆ ਭਰ ’ਚ ਵਿਆਜ ਦਰਾਂ ਤੁਰੰਤ ਡਿੱਗਣ। ਇਸ ਦੇ ਨਾਲ ਹੀ ਮੈਂ ਸਾਊਦੀ ਅਰਬ ਅਤੇ ਓਪੇਕ ਨੂੰ ਵੀ ਤੇਲ ਦੀਆਂ ਕੀਮਤਾਂ ਘੱਟ ਕਰਨ ਲਈ ਕਹਿਣ ਜਾ ਰਿਹਾ ਹਾਂ।’’

ਅਮਰੀਕਾ ਦੇ ਕੇਂਦਰੀ ਬੈਂਕ ਫੈੱਡਰਲ ਰਿਜ਼ਰਵ ਦੀ ਸਟੱਡੀ ਮੁਤਾਬਕ ਕੱਚੇ ਤੇਲ ਦੀਆਂ ਕੀਮਤਾਂ ’ਚ ਆਉਣ ਵਾਲੀ ਹਰ 10 ਫੀਸਦੀ ਦੀ ਗਿਰਾਵਟ ਨਾਲ ਮਹਿੰਗਾਈ ਦੀ ਦਰ 20 ਬੇਸਿਸ ਪੁਆਇੰਟ ਘੱਟ ਹੋ ਜਾਂਦੀ ਹੈ।

ਡੋਨਾਲਡ ਟਰੰਪ ਦੀ ਇਸ ਸਲਾਹ ਤੋਂ ਬਾਅਦ ਹੀ ਓਪੇਕ ਦੇਸ਼ਾਂ ਨੇ ਅਪ੍ਰੈਲ ਤੋਂ ਹੀ ਕੱਚੇ ਤੇਲ ਦੇ ਉਤਪਾਦਨ ’ਚ ਹੌਲੀ-ਹੌਲੀ ਵਾਧਾ ਕਰਨ ’ਤੇ ਸਹਿਮਤੀ ਜਤਾ ਦਿੱਤੀ ਹੈ। ਜੇਕਰ ਕੱਚੇ ਤੇਲ ਦੀਆਂ ਕੀਮਤਾਂ 60 ਡਾਲਰ ਪ੍ਰਤੀ ਬੈਰਲ ਤੱਕ ਜਾਂਦੀਆਂ ਹਨ ਤਾਂ ਗੈਸ ਦੀਆਂ ਕੀਮਤਾਂ 2.50 ਡਾਲਰ ਤੱਕ ਫਿਸਲ ਸਕਦੀਆਂ ਹਨ। ਫਿਲਹਾਲ ਗੈਸ ਦੀਆਂ ਕੀਮਤਾਂ 3.13 ਡਾਲਰ ਦੇ ਕਰੀਬ ਹਨ। ਜੇਕਰ ਦੁਨੀਆ ਭਰ ’ਚ ਕੱਚੇ ਤੇਲ ਅਤੇ ਗੈਸ ਦੀਆਂ ਕੀਮਤਾਂ ’ਚ ਗਿਰਾਵਟ ਆਈ ਤਾਂ ਇਸ ਦਾ ਅਸਰ ਦੁਨੀਆ ਭਰ ’ਚ ਮਹਿੰਗਾਈ ’ਤੇ ਪਵੇਗਾ ਅਤੇ ਮਹਿੰਗਾਈ ਘੱਟ ਹੋਣ ’ਤੇ ਦੁਨੀਆ ਭਰ ’ਚ ਵਿਆਜ ਦਰਾਂ ’ਚ ਕਮੀ ਹੋਵੇਗੀ।

ਇਸ ਦੌਰਾਨ ਟਰੰਪ ਪ੍ਰਸ਼ਾਸਨ ਨੇ ਰੂਸ ਅਤੇ ਯੂਕ੍ਰੇਨ ਵਿਚਕਾਰ ਅਪ੍ਰੈਲ ਤੱਕ ਸ਼ਾਂਤੀ ਸਥਾਪਤ ਕਰਨ ਦੇ ਆਪਣੇ ਫਾਰਮੂਲੇ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਪਰ ਟਰੰਪ ਪ੍ਰਸ਼ਾਸਨ ਦਾ ਇਹ ਪਲਾਨ ਪੱਛਮੀ ਮੀਡੀਆ ’ਚ ਲੀਕ ਹੋ ਗਿਆ। ਸਮਝੌਤੇ ਦੀਆਂ ਸ਼ਰਤਾਂ ਅਨੁਸਾਰ ਯੂਕ੍ਰੇਨ ਨਾਟੋ ਦਾ ਮੈਂਬਰ ਨਹੀਂ ਬਣੇਗਾ ਅਤੇ ਰੂਸ ਦੀ ਪ੍ਰਭੂਸੱਤਾ ਦਾ ਸਨਮਾਨ ਕਰਦੇ ਹੋਏ ਕੁਰਸਕ ਤੋਂ ਆਪਣੇ ਫੌਜੀਆਂ ਨੂੰ ਹਟਾ ਲਵੇਗਾ।

ਇਸ ਦੇ ਬਦਲੇ ’ਚ ਯੂਰਪੀ ਯੂਨੀਅਨ ਯੂਕ੍ਰੇਨ ਨੂੰ ਜੰਗ ਕਾਰਨ ਹੋਏ ਬੁਨਿਆਦੀ ਢਾਂਚੇ ਦੇ ਨੁਕਸਾਨ ਦੀ ਪੂਰਤੀ ਲਈ 486 ਬਿਲੀਅਨ ਡਾਲਰ ਦੀ ਸਹਾਇਤਾ ਦੇਵੇਗੀ। ਟਰੰਪ ਪ੍ਰਸ਼ਾਸਨ ਨੇ ਇਸ ਯੋਜਨਾ ’ਤੇ ਫਰਵਰੀ ਤੋਂ ਅਮਲ ਕਰਨਾ ਸ਼ੁਰੂ ਕੀਤਾ ਹੈ ਅਤੇ 20 ਅਪ੍ਰੈਲ ਤੱਕ ਇਸ ਯੋਜਨਾ ਤਹਿਤ ਸ਼ਾਂਤੀ ਸਥਾਪਤ ਕਰਨ ਦਾ ਟੀਚਾ ਹੈ।

ਕੌਮਾਂਤਰੀ ਪੱਧਰ ’ਤੇ ਆ ਰਹੀ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਦਾ ਸਿੱਧਾ ਅਸਰ ਭਾਰਤ ’ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਨਜ਼ਰ ਆ ਸਕਦਾ ਹੈ। ਹਾਲਾਂਕਿ ਫਰਵਰੀ ਮਹੀਨੇ ’ਚ ਅਜੇ ਤੱਕ ਤੇਲ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਮੀ ਨਹੀਂ ਕੀਤੀ ਹੈ ਪਰ ਜਿਸ ਤਰੀਕੇ ਨਾਲ ਕੱਚੇ ਤੇਲ ਦੀਆਂ ਕੀਮਤਾਂ ’ਚ ਲਗਾਤਾਰ ਗਿਰਾਵਟ ਆ ਰਹੀ ਹੈ, ਉਸ ਨੂੰ ਵੇਖ ਕੇ ਲੱਗਦਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਤੇ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਕੋਈ ਨਾ ਕੋਈ ਫੈਸਲਾ ਲੈਣਾ ਪਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਅਮਰੀਕਾ ‘ਚ ਰਹਿੰਦੇ ਭਾਰਤੀਆਂ ਨੂੰ ਵੱਡੀ ਰਾਹਤ, ਟਰੰਪ ਦੇ ਇਸ ਹੁਕਮ ‘ਤੇ ਲੱਗੀ ਰੋਕ

10ਵੀਂ ਜਮਾਤ ਦਾ ਵਿਦਿਆਰਥੀ ਪਿਸਤੌਲ ਸਮੇਤ ਗ੍ਰਿਫ਼ਤਾਰ: ਸੋਸ਼ਲ ਮੀਡੀਆ ਤੋਂ ਸਿੱਖ ਕੇ ਘਰ ‘ਚ ਹੀ ਬਣਾਉਂਦਾ ਸੀ ਕੱਟੇ