ਨਵੀਂ ਦਿੱਲੀ, 14 ਮਾਰਚ 2023 – ਦਿੱਲੀ ਤੋਂ ਕਤਰ ਦੀ ਰਾਜਧਾਨੀ ਦੋਹਾ ਜਾ ਰਹੀ ਇੰਡੀਗੋ ਦੀ ਫਲਾਈਟ ਵਿੱਚ ਇੱਕ 60 ਸਾਲਾ ਯਾਤਰੀ ਦੀ ਸਿਹਤ ਵਿਗੜ ਗਈ, ਜਿਸ ਕਾਰਨ ਜਹਾਜ਼ ‘ਚ ਹੀ ਯਾਤਰੀ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਦੋਂ ਜਹਾਜ਼ ‘ਚ ਯਾਤਰੀ ਦੀ ਸਿਹਤ ਵਿਗੜੀ ਤਾਂ ਮੈਡੀਕਲ ਐਮਰਜੈਂਸੀ ਦੇ ਮੱਦੇਨਜ਼ਰ, ਫਲਾਈਟ ਨੂੰ ਪਾਕਿਸਤਾਨ ਦੇ ਕਰਾਚੀ ਵੱਲ ਮੋੜ ਦਿੱਤਾ ਗਿਆ ਸੀ, ਪਰ ਹਵਾਈ ਅੱਡੇ ‘ਤੇ ਪਹੁੰਚਣ ਤੋਂ ਪਹਿਲਾਂ ਯਾਤਰੀ ਦੀ ਮੌਤ ਹੋ ਗਈ ਸੀ।
ਕਰਾਚੀ ਦੇ ਜਿਨਾਹ ਹਵਾਈ ਅੱਡੇ ‘ਤੇ ਜਹਾਜ਼ ਦਾ ਅਮਲਾ ਯਾਤਰੀ ਨੂੰ ਲੈ ਕੇ ਮੈਡੀਕਲ ਟੀਮ ਪਹੁੰਚਿਆ, ਜਿੱਥੇ ਟੀਮ ਨੇ ਯਾਤਰੀ ਨੂੰ ਮ੍ਰਿਤਕ ਐਲਾਨ ਦਿੱਤਾ। ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ। ਮ੍ਰਿਤਕ ਦੀ ਪਛਾਣ ਨਾਈਜੀਰੀਆ ਦੇ ਰਹਿਣ ਵਾਲੇ ਅਬਦੁੱਲਾ ਵਜੋਂ ਹੋਈ ਹੈ।
ਇੰਡੀਗੋ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਫਲਾਈਟ 6E-1736 ‘ਤੇ ਸਵਾਰ ਇਕ ਯਾਤਰੀ ਮੱਧ-ਫਲਾਈਟ ਵਿਚ ਬੀਮਾਰ ਮਹਿਸੂਸ ਕਰ ਰਿਹਾ ਸੀ। ਇਸ ਕਾਰਨ ਐਮਰਜੈਂਸੀ ਲੈਂਡਿੰਗ ਕਰਵਾਈ ਗਈ ਪਰ ਫਲਾਈਟ ਦੇ ਲੈਂਡਿੰਗ ਤੋਂ ਪਹਿਲਾਂ ਹੀ ਬਜ਼ੁਰਗ ਦੀ ਮੌਤ ਹੋ ਗਈ ਸੀ। ਅਸੀਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ। ਸਾਡੀਆਂ ਦੁਆਵਾਂ ਉਸਦੇ ਪਰਿਵਾਰ ਨਾਲ ਹਨ। ਇੰਡੀਗੋ ਨੇ ਇਹ ਵੀ ਦੱਸਿਆ ਸੀ ਕਿ ਬਾਕੀ ਯਾਤਰੀਆਂ ਨੂੰ ਦੋਹਾ ਲੈ ਜਾਣ ਲਈ ਇਕ ਹੋਰ ਫਲਾਈਟ ਦਾ ਇੰਤਜ਼ਾਮ ਕੀਤਾ ਗਿਆ।
ਇੰਡੀਗੋ ਨੇ ਦੱਸਿਆ ਕਿ ਕਰਾਚੀ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਫਲਾਈਟ ਕਰੀਬ ਪੰਜ ਘੰਟੇ ਤੱਕ ਉਥੇ ਫਸੀ ਰਹੀ। ਪਾਕਿਸਤਾਨੀ ਡਾਕਟਰਾਂ ਵੱਲੋਂ ਮ੍ਰਿਤਕ ਦਾ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਅਤੇ ਸਾਰੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਉਸੀ ਫਲਾਈਟ ਰਾਹੀਂ ਦਿੱਲੀ ਭੇਜ ਦਿੱਤਾ ਗਿਆ।