ਨਵੀਂ ਦਿੱਲੀ, 13 ਸਤੰਬਰ 2024 – ਦੁਨੀਆ ਦੇ ਸਭ ਤੋਂ ਤਾਕਤਵਰ ਬਾਡੀ ਬਿਲਡਰ ਦੇ ਨਾਂ ਨਾਲ ਮਸ਼ਹੂਰ ਇਲਿਆ ‘ਗੋਲੇਮ’ ਯੇਫਿਮਚਿਕ ਦੀ 36 ਸਾਲ ਦੀ ਉਮਰ ‘ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿਲ ਦਾ ਦੌਰਾ ਪੈਣ ਤੋਂ ਬਾਅਦ ਉਨ੍ਹਾਂ ਨੂੰ 6 ਸਤੰਬਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕੋਮਾ ‘ਚ ਚਲੇ ਗਏ ਸਨ। ਕੁਝ ਦਿਨਾਂ ਬਾਅਦ 11 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਉਨ੍ਹਾਂ ਦੀ ਪਤਨੀ ਨੇ ਦੱਸਿਆ ਕਿ, ‘ਮੈਂ ਸਾਰਾ ਸਮਾਂ ਪ੍ਰਾਰਥਨਾ ਕਰਦੀ ਰਹੀ। ਮੈਂ ਹਰ ਦਿਨ ਉਸ ਨਾਲ ਬਿਤਾਇਆ। ਉਸ ਦਾ ਦਿਲ ਦੋ ਦਿਨ ਤੱਕ ਧੜਕਦਾ ਰਿਹਾ ਪਰ ਡਾਕਟਰ ਨੇ ਮੈਨੂੰ ਇਹ ਭਿਆਨਕ ਖ਼ਬਰ ਦਿੱਤੀ ਕਿ ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਮੈਂ ਹਮਦਰਦੀ ਪ੍ਰਗਟ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦੀ ਹਾਂ। ਇਹ ਮਹਿਸੂਸ ਕਰਨਾ ਹੀ ਦਿਲ ਨੂੰ ਛੂ ਲੈਣ ਵਾਲਾ ਹੈ ਕਿ ਮੈਂ ਇਸ ਸੰਸਾਰ ਵਿੱਚ ਇਕੱਲੀ ਨਹੀਂ ਹਾਂ, ਮੈਨੂੰ ਬਹੁਤ ਸਾਰੇ ਲੋਕਾਂ ਤੋਂ ਮਦਦ ਅਤੇ ਸਮਰਥਨ ਮਿਲ ਰਿਹਾ ਹੈ।
ਦੱਸ ਦਈਏ ਕਿ ਇਲਿਆ ਨੇ ਕਦੇ ਵੀ ਕਿਸੇ ਪੇਸ਼ੇਵਰ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲਿਆ, ਪਰ ਇਸ ਬੇਲਾਰੂਸੀ ਬਾਡੀ ਬਿਲਡਰ ਦੀ ਸੋਸ਼ਲ ਮੀਡੀਆ ‘ਤੇ ਬਹੁਤ ਵੱਡੀ ਫੈਨ ਫਾਲੋਇੰਗ ਸੀ। ਉਹ ਲਗਾਤਾਰ ਆਪਣੇ ਪ੍ਰਸ਼ੰਸਕਾਂ ਨਾਲ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ‘ਦਿ ਮਿਊਟੈਂਟ’ ਉਪਨਾਮ ਵੀ ਕਮਾਇਆ।
ਜਾਣਕਾਰੀ ਮੁਤਾਬਕ ਇਲਿਆ ਆਪਣੇ ਸਰੀਰ ਨੂੰ ਬਰਕਰਾਰ ਰੱਖਣ ਲਈ ਦਿਨ ‘ਚ 7 ਵਾਰ ਖਾਣਾ ਖਾਂਦੇ ਸੀ ਅਤੇ 16,500 ਕੈਲੋਰੀ ਦੀ ਖਪਤ ਕਰਦੇ ਸੀ। ਇਸ ਵਿੱਚ 2.5 ਕਿਲੋਗ੍ਰਾਮ ਸਟੀਕ ਅਤੇ ਸੁਸ਼ੀ ਦੇ 108 ਟੁਕੜੇ ਸ਼ਾਮਲ ਸਨ। ਉਨ੍ਹਾਂ ਦਾ ਵਜ਼ਨ 340 ਪੌਂਡ ਸੀ ਅਤੇ ਕੱਦ 6 ਫੁੱਟ 1 ਇੰਚ ਸੀ।