ਨਵੀ ਦਿੱਲੀ, 15 ਜੁਲਾਈ 2025: ਕੇਰਲ ਦੀ ਰਹਿਣ ਵਾਲੀ ਭਾਰਤੀ ਨਰਸ ਨਿਮਿਸ਼ਾ ਪ੍ਰਿਆ ਦੀ ਯਮਨ ‘ਚ ਮੌਤ ਦੀ ਸਜ਼ਾ ਮੁਲਤਵੀ ਕਰ ਦਿੱਤੀ ਗਈ ਹੈ। ਨਿਮਿਸ਼ਾ ਪ੍ਰਿਆ ਨੂੰ ਕਤਲ ਦੇ ਦੋਸ਼ ਵਿੱਚ 16 ਜੁਲਾਈ ਨੂੰ ਸਜ਼ਾ ਏ ਮੌਤ ਦਿੱਤੀ ਜਾਣੀ ਸੀ । ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੇਰਲ ਦੇ ਪ੍ਰਭਾਵਸ਼ਾਲੀ ਸੁੰਨੀ ਮੁਸਲਿਮ ਨੇਤਾ ਅਤੇ ਭਾਰਤ ਸਰਕਾਰ ਦੇ ਦਖਲ ਤੋਂ ਬਾਅਦ ਨਿਮਿਸ਼ਾ ਪ੍ਰਿਆ ਦੀ ਮੌਤ ਦੀ ਸਜ਼ਾ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
ਭਾਰਤੀ ਨਰਸ ਨਿਮਿਸ਼ਾ 2017 ਤੋਂ ਜੇਲ੍ਹ ਵਿੱਚ ਹੈ, ਉਸ ‘ਤੇ ਯਮਨ ਨਾਗਰਿਕ ਤਲਾਲ ਅਬਦੋ ਮਹਿਦੀ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਨ ਦਾ ਦੋਸ਼ ਹੈ। ਉਸ ‘ਤੇ ਦੋਸ਼ ਸੀ ਕਿ ਉਸਨੇ ਮਹਿਦੀ ਕੋਲ ਆਪਣੇ ਜਮਾ ਪਾਸਪੋਰਟ ਨੂੰ ਵਾਪਸ ਲੈਣ ਲਈ ਉਸਨੂੰ ਬੇਹੋਸ਼ ਕਰਨ ਲਈ ਟੀਕੇ ਲਗਾਏ ਗਏ ਸਨ ਪਰ ਇਹਨਾਂ ਟੀਕਿਆਂ ਦੀ ਓਵਰਡੋਜ਼ ਕਾਰਨ, ਮਹਿਦੀ ਦੀ ਮੌਤ ਹੋ ਗਈ। ਜਿਸ ਕਾਰਨ ਯਮਨ ਦੀ ਅਦਾਲਤ ਨੇ ਨਿਮਿਸ਼ਾ ਪ੍ਰਿਆ ਨੂੰ ਕਤਲ ਦੇ ਮਾਮਲੇ ਵਿੱਚ ਮੌਤ ਦੀ ਸਜ਼ਾ ਸੁਣਾਈ। ਯਮਨ ਵਿੱਚ ਸਿਰਫ ਗੋਲੀ ਮਾਰ ਕੇ ਹੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ।

