ਨਵੀਂ ਦਿੱਲੀ, 15 ਜੁਲਾਈ 2022 – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਬਕਾ ਪਤਨੀ ਇਵਾਨਾ ਟਰੰਪ ਦਾ 73 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਵਾਨਾ ਟਰੰਪ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਹਾਲਾਂਕਿ ਪਰਿਵਾਰ ਵੱਲੋਂ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ ਹੈ। ਡੋਨਾਲਡ ਟਰੰਪ ਨੇ ਵੀ ਇਸ ਬਾਰੇ ਕੁਝ ਨਹੀਂ ਕਿਹਾ ਹੈ।
ਡੋਨਾਲਡ ਟਰੰਪ ਦੇ ਅਨੁਸਾਰ, ਇਵਾਨਾ ਦੀ ਮੌਤ ਨਿਊਯਾਰਕ ਸਿਟੀ ਦੇ ਅੱਪਰ ਈਸਟ ਸਾਈਡ ‘ਤੇ ਆਪਣੇ ਘਰ ‘ਤੇ ਹੋਈ। ਸਾਬਕਾ ਰਾਸ਼ਟਰਪਤੀ ਟਰੰਪ ਨੇ ਵੀਰਵਾਰ ਦੁਪਹਿਰ ਨੂੰ ਆਪਣੇ ਟਰੂਥ ਸੋਸ਼ਲ ਅਕਾਊਂਟ ‘ਤੇ ਸਾਬਕਾ ਪਤਨੀ ਦੀ ਮੌਤ ਦੀ ਖਬਰ ਸਾਂਝੀ ਕੀਤੀ।
ਇਵਾਨਾ ਟਰੰਪ ਡੋਨਾਲਡ ਜੂਨੀਅਰ, ਇਵਾਂਕਾ ਅਤੇ ਐਰਿਕ ਟਰੰਪ ਦੀ ਮਾਂ ਹੈ। ਏਰਿਕ ਟਰੰਪ ਨੇ ਮਾਂ ਦੇ ਦੇਹਾਂਤ ‘ਤੇ ਕਿਹਾ, ਸਾਡੀ ਮਾਂ ਇਕ ਸਾਹਸੀ ਔਰਤ ਸੀ, ਕਾਰੋਬਾਰੀ ਦੇ ਤੌਰ ‘ਤੇ ਇਕ ਕਾਮਯਾਬ ਔਰਤ ਸੀ। ਇੱਕ ਵਿਸ਼ਵ ਪੱਧਰੀ ਅਥਲੀਟ, ਇੱਕ ਸੁੰਦਰ ਔਰਤ ਅਤੇ ਇੱਕ ਦੇਖਭਾਲ ਕਰਨ ਵਾਲੀ ਮਾਂ ਅਤੇ ਦੋਸਤ ਦਾ ਅੱਜ ਦੇਹਾਂਤ ਹੋ ਗਿਆ।

ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਲਿਖਿਆ, ਮੈਂ ਸਾਰਿਆਂ ਨੂੰ ਇਹ ਦੱਸਦੇ ਹੋਏ ਬਹੁਤ ਦੁਖੀ ਹਾਂ ਕਿ ਅੱਜ ਇਵਾਨਾ ਟਰੰਪ ਦਾ ਆਪਣੇ ਘਰ ‘ਚ ਦਿਹਾਂਤ ਹੋ ਗਿਆ। ਟਰੰਪ ਨੇ ਕਿਹਾ ਕਿ ਉਹ ਇੱਕ ਸ਼ਾਨਦਾਰ, ਸੁੰਦਰ ਔਰਤ ਸੀ ਜਿਸ ਨੇ ਇੱਕ ਮਹਾਨ ਅਤੇ ਪ੍ਰੇਰਣਾਦਾਇਕ ਜੀਵਨ ਬਤੀਤ ਕੀਤਾ।
ਟਰੰਪ ਤੋਂ ਤਲਾਕ ਤੋਂ ਬਾਅਦ, ਇਵਾਨਾ ਨੇ ਦੋ ਵਾਰ ਵਿਆਹ ਕੀਤਾ। ਪਹਿਲੀ ਵਾਰ 1995 ਵਿੱਚ ਇਤਾਲਵੀ ਕਾਰੋਬਾਰੀ ਰਿਕਾਰਡੋ ਮਜ਼ੂਚੇਲੀ ਨਾਲ, ਜਿਸਨੂੰ ਉਸਨੇ ਦੋ ਸਾਲ ਬਾਅਦ ਤਲਾਕ ਦੇ ਦਿੱਤਾ, ਅਤੇ ਫਿਰ 2008 ਵਿੱਚ ਰੋਸਾਨੋ ਰੂਬੀਕੋਂਡੀ ਨਾਲ।
