ਨਵੀਂ ਦਿੱਲੀ, 2 ਜਨਵਰੀ 2024 – ਜਾਪਾਨ ਦੇ ਇਸ਼ੀਕਾਵਾ ਵਿੱਚ ਨਵੇਂ ਸਾਲ ਦੇ ਦਿਨ 7.2 ਤੀਬਰਤਾ ਦਾ ਭੂਚਾਲ ਆਇਆ ਹੈ। ਜਾਪਾਨ ਟੂਡੇ ਦੇ ਅਨੁਸਾਰ, ਹੁਣ ਤੱਕ 24 ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ 50 ਝਟਕੇ ਵੀ ਦਰਜ ਕੀਤੇ ਗਏ ਹਨ। ਇਨ੍ਹਾਂ ਦੀ ਤੀਬਰਤਾ 3.4 ਤੋਂ 4.6 ਦੇ ਵਿਚਕਾਰ ਰਹੀ ਹੈ।
ਪ੍ਰਧਾਨ ਮੰਤਰੀ ਫੂਮੀਆ ਕਿਸ਼ਿਦਾ ਨੇ ਕਿਹਾ ਹੈ ਕਿ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਕਿਸ਼ਿਦਾ ਨੇ ਕਿਹਾ ਕਿ ਕੀਤੇ-ਕੀਤੇ ਅੱਗ ਲੱਗੀ ਹੋਈ ਹੈ ਅਤੇ ਲੋਕ ਇਮਾਰਤਾਂ ਦੇ ਹੇਠਾਂ ਦੱਬ ਗਏ ਹਨ। ਇਸ਼ੀਕਾਵਾ ‘ਚ 200 ਇਮਾਰਤਾਂ ਸੜ ਕੇ ਸੁਆਹ ਹੋ ਗਈਆਂ ਹਨ। ਜਾਪਾਨ ਦੇ ਰੱਖਿਆ ਮੰਤਰੀ ਮੁਤਾਬਕ ਮਲਬੇ ਹੇਠ ਦੱਬੇ ਲੋਕਾਂ ਨੂੰ ਕੱਢਣ ਲਈ ਫੌਜ ਦੇ ਇਕ ਹਜ਼ਾਰ ਜਵਾਨ ਤਾਇਨਾਤ ਕੀਤੇ ਗਏ ਹਨ।
ਸਮਾਂ ਘੱਟ ਹੈ ਅਤੇ ਹੋਰ ਜਾਨਾਂ ਬਚਾਉਣੀਆਂ ਪੈਣਗੀਆਂ। ਇਸ਼ੀਕਾਵਾ ਦੇ 32,500 ਘਰ ਬਿਜਲੀ ਤੋਂ ਬਿਨਾਂ ਹਨ। ਬੀਬੀਸੀ ਮੁਤਾਬਕ 19 ਹਸਪਤਾਲਾਂ ਵਿੱਚ ਬਿਜਲੀ ਨਾ ਹੋਣ ਕਾਰਨ ਲੋਕਾਂ ਨੂੰ ਇਲਾਜ ਵਿੱਚ ਦਿੱਕਤ ਆ ਰਹੀ ਹੈ। ਇਸ ਦੇ ਨਾਲ ਹੀ ਜਾਪਾਨ ਦੇ ਇਸ਼ਿਕਾਵਾ ਇਲਾਕੇ ‘ਚ ਇਕ ਹੋਰ ਭੂਚਾਲ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।
ਨਵੇਂ ਸਾਲ ‘ਤੇ ਜਾਪਾਨ ਦੇ ਰਾਜਾ ਨਰੂਹਿਤੋ ਨੇ ਆਪਣੇ ਪਰਿਵਾਰ ਨਾਲ ਟੋਕੀਓ ‘ਚ ਨਵੇਂ ਸਾਲ ਦੇ ਪ੍ਰੋਗਰਾਮ ‘ਚ ਸ਼ਿਰਕਤ ਕਰਨੀ ਸੀ। ਹਾਲਾਂਕਿ, ਇਸ਼ੀਕਾਵਾ ਭੂਚਾਲ ਪੀੜਤਾਂ ਲਈ ਹਮਦਰਦੀ ਦੇ ਕਾਰਨ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ ਸੀ।
ਦਰਅਸਲ, ਹਰ ਸਾਲ ਜਾਪਾਨ ਦਾ ਸ਼ਾਹੀ ਪਰਿਵਾਰ ਮਹਿਲ ਦੀ ਬਾਲਕੋਨੀ ਵਿੱਚ ਆਉਂਦਾ ਹੈ ਅਤੇ ਲੋਕਾਂ ਨੂੰ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦਿੰਦਾ ਹੈ। ਇਹ ਰਿਵਾਜ ਸਾਲਾਂ ਤੋਂ ਚੱਲਿਆ ਆ ਰਿਹਾ ਹੈ।