ਅਫਗਾਨਿਸਤਾਨ, 22 ਜੂਨ 2022 – ਅਫਗਾਨਿਸਤਾਨ ‘ਚ ਭੂਚਾਲ ਨੇ ਤਬਾਹੀ ਮਚਾਈ ਹੋਈ ਹੈ। ਦੇਰ ਰਾਤ ਆਏ ਭੂਚਾਲ ‘ਚ ਕਰੀਬ 950 ਲੋਕਾਂ ਦੀ ਮੌਤ ਹੋ ਗਈ ਅਤੇ 610 ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਇਹ ਦਾਅਵਾ ਆਫਤ ਪ੍ਰਬੰਧਨ ਵਿਭਾਗ ਦੇ ਉਪ ਮੰਤਰੀ ਮੌਲਵੀ ਸ਼ਰਫੂਦੀਨ ਨੇ ਕੀਤਾ ਹੈ। ਇਸ ਤੋਂ ਪਹਿਲਾਂ 255 ਲੋਕਾਂ ਦੇ ਮਾਰੇ ਜਾਣ ਦੀ ਗੱਲ ਕਹੀ ਜਾ ਰਹੀ ਸੀ।
ਭੂਚਾਲ ਦੇ ਇਹ ਝਟਕੇ ਪਾਕਿਸਤਾਨ ਵਿੱਚ ਵੀ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.1 ਮਾਪੀ ਗਈ। ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ.ਐੱਸ.ਜੀ.ਐੱਸ.) ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਦੱਖਣ-ਪੂਰਬ ‘ਚ ਸੀ।
ਨਿਊਜ਼ ਏਜੰਸੀਆਂ ਮੁਤਾਬਕ ਭੂਚਾਲ ਕਾਰਨ ਅਫਗਾਨਿਸਤਾਨ ‘ਚ ਹੁਣ ਤੱਕ 950 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਕਰੀਬ 610 ਲੋਕ ਜ਼ਖਮੀ ਹੋਏ ਹਨ। ਇਹ ਭੂਚਾਲ ਪਕਤਿਕਾ ਅਤੇ ਖੋਸਤ ਸੂਬਿਆਂ ‘ਚ ਆਇਆ ਸੀ।
ਚਿੱਤਰ ਝਲਕ
ਭੂਚਾਲ ਦੀ ਵੱਧ ਤੋਂ ਵੱਧ ਤੀਬਰਤਾ ਅਜੇ ਤੱਕ ਨਿਰਧਾਰਤ ਨਹੀਂ ਕੀਤੀ ਗਈ ਹੈ। ਹਾਲਾਂਕਿ, ਰਿਕਟਰ ਪੈਮਾਨੇ ‘ਤੇ 7.0 ਜਾਂ ਇਸ ਤੋਂ ਵੱਧ ਦੀ ਤੀਬਰਤਾ ਵਾਲੇ ਭੂਚਾਲ ਨੂੰ ਦਰਮਿਆਨਾ ਖਤਰਨਾਕ ਮੰਨਿਆ ਜਾਂਦਾ ਹੈ। ਅਫਗਾਨਿਸਤਾਨ ਵਿਚ ਆਏ ਭੂਚਾਲ ਦੀ ਤੀਬਰਤਾ ਇਸ ਤੋਂ ਘੱਟ ਸੀ।
ਪਾਕਿਸਤਾਨੀ ਮੀਡੀਆ ਮੁਤਾਬਕ ਇਸਲਾਮਾਬਾਦ ਸਮੇਤ ਹੋਰ ਸ਼ਹਿਰਾਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਵੀ ਪਾਕਿਸਤਾਨ ‘ਚ ਭੂਚਾਲ ਆਇਆ ਸੀ। ਫਿਰ ਇਹ ਝਟਕੇ ਇਸਲਾਮਾਬਾਦ, ਪੇਸ਼ਾਵਰ, ਰਾਵਲਪਿੰਡੀ ਅਤੇ ਮੁਲਤਾਨ ਵਿੱਚ ਮਹਿਸੂਸ ਕੀਤੇ ਗਏ। ਇਹ ਝਟਕੇ ਫੈਸਲਾਬਾਦ, ਐਬਟਾਬਾਦ, ਸਵਾਤ, ਬੁਨੇਰ, ਕੋਹਾਟ ਅਤੇ ਮਲਕੰਡੀ ਵਿੱਚ ਵੀ ਮਹਿਸੂਸ ਕੀਤੇ ਗਏ।