ਨਵੀਂ ਦਿੱਲੀ, 13 ਨਵੰਬਰ 2024 – ਚੀਨ ਦੇ ਜ਼ੁਹਾਈ ਸ਼ਹਿਰ ‘ਚ ਸੋਮਵਾਰ ਰਾਤ ਨੂੰ 62 ਸਾਲਾ ਵਿਅਕਤੀ ਨੇ ਕਾਰ ਨਾਲ ਕਈ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ 35 ਲੋਕਾਂ ਦੀ ਮੌਤ ਹੋ ਗਈ, ਜਦਕਿ 43 ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ। ਪੁਲੀਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਮੁਤਾਬਕ ਫੈਨ ਨਾਮ ਦਾ ਦੋਸ਼ੀ ਤਲਾਕ ਤੋਂ ਬਾਅਦ ਜਾਇਦਾਦ ਦੀ ਵੰਡ ਨੂੰ ਲੈ ਕੇ ਆਪਣੀ ਪਤਨੀ ਨਾਲ ਨਾਰਾਜ਼ ਸੀ। ਇਹ ਘਟਨਾ ਇਕ ਖੇਡ ਕੇਂਦਰ ਨੇੜੇ ਵਾਪਰੀ, ਜਿੱਥੇ ਲੋਕ ਕਸਰਤ ਕਰਨ ਲਈ ਆਏ ਹੋਏ ਸਨ। ਇਹ ਹਮਲਾ ਸੀ ਜਾਂ ਦੁਰਘਟਨਾ ਅਜੇ ਸਪੱਸ਼ਟ ਨਹੀਂ ਹੈ।
ਪੁਲਸ ਨੇ ਮੁਲਜ਼ਮ ਫੈਨ ਨੂੰ ਕਾਰ ‘ਚ ਚਾਕੂ ਸਮੇਤ ਫੜਿਆ ਹੈ। ਉਸ ਦੀ ਗਰਦਨ ‘ਤੇ ਖੁਦ ਨੂੰ ਨੁਕਸਾਨ ਪਹੁੰਚਾਉਣ ਦੇ ਨਿਸ਼ਾਨ ਸਨ। ਫੜੇ ਜਾਣ ‘ਤੇ ਉਹ ਬੇਹੋਸ਼ ਸੀ, ਫਿਲਹਾਲ ਉਸਦਾ ਇਲਾਜ ਚੱਲ ਰਿਹਾ ਹੈ।
ਮੰਗਲਵਾਰ ਨੂੰ ਝੁਹਾਈ ‘ਚ ਫੌਜ ਦੀ ਪ੍ਰਦਰਸ਼ਨੀ ਲਗਾਈ ਜਾਣੀ ਸੀ। ਇਸ ਕਾਰਨ ਚੀਨ ਦੀ ਸਰਕਾਰ ਨੇ ਲੋਕਾਂ ਦੀ ਮੌਤ ਦੀਆਂ ਖ਼ਬਰਾਂ ਨੂੰ ਸੈਂਸਰ ਕਰ ਦਿੱਤਾ। ਨਿਊਜ਼ ਏਜੰਸੀ ਏਪੀ ਦੀ ਰਿਪੋਰਟ ਮੁਤਾਬਕ ਮੰਗਲਵਾਰ ਸਵੇਰੇ ਚੀਨੀ ਮੀਡੀਆ ਤੋਂ ਇਸ ਖ਼ਬਰ ਨਾਲ ਜੁੜੇ ਕਈ ਲੇਖ ਹਟਾ ਦਿੱਤੇ ਗਏ। ਇਸ ਤੋਂ ਇਲਾਵਾ ਜੋ ਲੇਖ ਪ੍ਰਕਾਸ਼ਿਤ ਹੋਏ, ਉਹ ਵੀ ਬਿਨਾਂ ਫੋਟੋਆਂ ਅਤੇ ਵੀਡੀਓ ਤੋਂ ਪ੍ਰਕਾਸ਼ਿਤ ਕੀਤੇ ਗਏ। ਹਾਲਾਂਕਿ, ਘਟਨਾ ਨਾਲ ਸਬੰਧਤ ਵੀਡੀਓ ਅਤੇ ਫੋਟੋਆਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਾਇਰਲ ਹੋਈਆਂ ਸਨ। ਇਨ੍ਹਾਂ ਨੂੰ ਯੰਗ ਲੀ ਨਾਂ ਦੇ ਯੂਜ਼ਰ ਨੇ ਪੋਸਟ ਕੀਤਾ ਹੈ। ਇਨ੍ਹਾਂ ਵੀਡੀਓਜ਼ ‘ਚ ਕਈ ਲੋਕ ਸੜਕ ‘ਤੇ ਜ਼ਖਮੀ ਹੋਏ ਦਿਖਾਈ ਦੇ ਰਹੇ ਹਨ।
ਚੀਨ ‘ਚ ਇਸ ਤੋਂ ਪਹਿਲਾਂ ਵੀ ਲੋਕਾਂ ‘ਤੇ ਹਮਲੇ ਦੀਆਂ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਅਕਤੂਬਰ ਵਿੱਚ ਰਾਜਧਾਨੀ ਬੀਜਿੰਗ ਵਿੱਚ ਇੱਕ ਵਿਅਕਤੀ ਨੇ ਇੱਕ ਸਕੂਲ ਉੱਤੇ ਹਮਲਾ ਕੀਤਾ ਸੀ। ਜਿਸ ‘ਚ 5 ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਹਮਲੇ ਲਈ 50 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਸ ਤੋਂ ਇਲਾਵਾ ਸਤੰਬਰ ਵਿੱਚ ਵੀ ਅਜਿਹੀ ਹੀ ਇੱਕ ਘਟਨਾ ਵਾਪਰੀ ਸੀ। ਚੀਨ ਦੇ ਬੰਦਰਗਾਹ ਸ਼ਹਿਰ ਸ਼ੰਘਾਈ ਵਿੱਚ ਇੱਕ ਸੁਪਰਮਾਰਕੀਟ ਵਿੱਚ ਇੱਕ ਵਿਅਕਤੀ ਨੇ ਲੋਕਾਂ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ‘ਚ 3 ਲੋਕ ਮਾਰੇ ਗਏ ਸਨ।