ਨਵੀਂ ਦਿੱਲੀ, 26 ਅਗਸਤ 2025 – ਅਮਰੀਕਾ ‘ਚ ਬਾਲਟੀਮੋਰ ਦੇ ਮਸ਼ਹੂਰ ਕਾਮੇਡੀਅਨ ਰੈਜਿਨਾਲਡ “ਰੈੱਜੀ” ਕੈਰੋਲ ਦਾ ਮਿਸਿਸਿਪੀ ‘ਚ ਗੋਲੀਆਂ ਮਾਰ ਕੇ ਕਤਲ ਕਰ ਦੇਣ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਅਨੁਸਾਰ, 52 ਸਾਲਾ ਕਾਮੇਡੀਅਨ ਬਰਟਨ ਲੇਨ ਇਲਾਕੇ ਵਿਚ ਜ਼ਖ਼ਮੀ ਹਾਲਤ ਵਿਚ ਮਿਲੇ ਸਨ ਅਤੇ ਸਰੀਰ ‘ਤੇ ਗੋਲੀਆਂ ਲੱਗੀਆਂ ਹੋਈਆਂ ਸਨ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਮੇਮਫਿਸ ਦੇ ਰੀਜਨਲ ਵਨ ਹੈਲਥ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਾ ਜਾ ਸਕਿਆ।
ਰੈੱਜੀ ਕੈਰੋਲ ਬਾਲਟੀਮੋਰ ਕਾਮੇਡੀ ਜਗਤ ਦਾ ਇੱਕ ਵੱਡਾ ਨਾਮ ਸਨ। ਕੈਰੋਲ ਨੇ ਆਪਣੇ ਕਰੀਅਰ ਦੌਰਾਨ ਦੇਸ਼ ਭਰ ਦੇ ਕਾਮੇਡੀ ਕਲੱਬਾਂ ਵਿਚ ਪਰਫਾਰਮ ਕੀਤਾ ਅਤੇ ਕਈ ਟੀਵੀ ਸ਼ੋਅਜ਼ ਵਿਚ ਵੀ ਦਿਖਾਈ ਦਿੱਤੇ। ਉਹ ਸ਼ੋਟਾਈਮ ਐਟ ਦਿ ਅਪੋਲੋ ਅਤੇ ਦਿ ਪਾਰਕਰਜ਼ ਵਿਚ ਅਦਾਕਾਰੀ ਕਰ ਚੁੱਕੇ ਸਨ। ਹਾਲ ਹੀ ਵਿਚ ਉਹ 2023 ਦੇ ਸਟੈਂਡ-ਅਪ ਸ਼ੋਅ ਨਾਕਆਉਟ ਕਿੰਗਜ਼ ਆਫ ਕਾਮੇਡੀ ਦੇ ਪ੍ਰੋਡਿਊਸਰ ਵੀ ਰਹੇ ਅਤੇ 2022 ਦੀ ਟੀਵੀ ਫ਼ਿਲਮ ਰੈਂਟ ਐਂਡ ਗੋ ਵਿਚ ਵੀ ਨਜ਼ਰ ਆਏ। ਜਾਂਚ ਤੋਂ ਬਾਅਦ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਕਤਲ ਦੇ ਦੋਸ਼ ਲਗਾਏ ਹਨ, ਜਦੋਂ ਕਿ ਜਾਂਚ ਜਾਰੀ ਹੈ।

