- ਹਮਲਾਵਰ ਨੇ 500 ਸ਼ਰਧਾਲੂਆਂ ਵਿਚਾਲੇ ਖੁਦ ਨੂੰ ਉਡਾ ਲਿਆ ਸੀ,
- ਤਾਲਿਬਾਨ ਨੇ ਲਈ ਹੈ ਜ਼ਿੰਮੇਵਾਰੀ
ਨਵੀਂ ਦਿੱਲੀ, 31 ਜਨਵਰੀ 2023 – ਸੋਮਵਾਰ ਨੂੰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਵਿੱਚ ਪੁਲਿਸ ਲਾਈਨਜ਼ ਵਿੱਚ ਬਣੀ ਮਸਜਿਦ ਵਿੱਚ ਫਿਦਾਈਨ ਹਮਲਾ ਹੋਇਆ। ਹੁਣ ਤੱਕ ਮਿਲੀ ਤਾਜ਼ਾ ਜਾਣਕਰੀ ਅਨੁਸਾਰ 72 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਬਿਨਾ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਨ੍ਹਾਂ ਵਿੱਚੋਂ 47 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ ਕਰੀਬ ਦੋ ਕਿਲੋਮੀਟਰ ਤੱਕ ਸੁਣਾਈ ਦਿੱਤੀ। ਮਸਜਿਦ ਦਾ ਵੱਡਾ ਹਿੱਸਾ ਢਹਿ ਗਿਆ। ਇਮਾਮ ਨੂਰ-ਅਲ-ਅਮੀਨ ਦੀ ਵੀ ਮੌਤ ਹੋ ਗਈ। ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਹਸਪਤਾਲ ਪਹੁੰਚ ਕੇ ਜ਼ਖਮੀਆਂ ਨਾਲ ਮੁਲਾਕਾਤ ਕੀਤੀ।
ਇਕ ਚਸ਼ਮਦੀਦ ਨੇ ਦੱਸਿਆ- ਦੁਪਹਿਰ ਦੀ ਨਮਾਜ਼ ਦੌਰਾਨ ਮਸਜਿਦ ‘ਚ ਕਰੀਬ 500 ਲੋਕ ਮੌਜੂਦ ਸਨ। ਫਿਦਾਇਨੀ ਹਮਲਾਵਰ ਵਿਚਕਾਰਲੀ ਕਤਾਰ ਵਿੱਚ ਮੌਜੂਦ ਸੀ। ਇਹ ਸਪੱਸ਼ਟ ਨਹੀਂ ਹੈ ਕਿ ਉਹ ਪੁਲਿਸ ਲਾਈਨਜ਼ ਕਿਵੇਂ ਪਹੁੰਚਿਆ, ਕਿਉਂਕਿ ਕਿਸੇ ਨੂੰ ਦਾਖਲ ਹੋਣ ਲਈ ਗੇਟ ਪਾਸ ਦਿਖਾਉਣਾ ਪੈਂਦਾ ਹੈ।
ਪਾਕਿਸਤਾਨੀ ਮੀਡੀਆ ਜੀਓ ਨਿਊਜ਼ ਮੁਤਾਬਕ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫੌਜ ਨੇ ਇਲਾਕੇ ਨੂੰ ਘੇਰ ਲਿਆ ਹੈ। ਇਸ ਦੇ ਨੇੜੇ ਹੀ ਫੌਜ ਦੀ ਇਕਾਈ ਦਾ ਦਫਤਰ ਵੀ ਹੈ। ਟੀਟੀਪੀ ਦਾ ਇਲਾਕੇ ਵਿੱਚ ਕਾਫੀ ਪ੍ਰਭਾਵ ਹੈ ਅਤੇ ਪਿਛਲੇ ਸਮੇਂ ਵਿੱਚ ਇਸ ਸੰਗਠਨ ਨੇ ਹਮਲੇ ਦੀ ਧਮਕੀ ਵੀ ਦਿੱਤੀ ਸੀ।
ਸਾਰੇ ਜ਼ਖਮੀਆਂ ਦਾ ਇਲਾਜ ਪੇਸ਼ਾਵਰ ਦੇ ਲੇਡੀ ਹਾਰਡਿੰਗ ਹਸਪਤਾਲ ‘ਚ ਚੱਲ ਰਿਹਾ ਹੈ। ਹਸਪਤਾਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਆਮ ਲੋਕਾਂ ਨੂੰ ਜਲਦੀ ਤੋਂ ਜਲਦੀ ਖੂਨਦਾਨ ਕਰਨ ਲਈ ਹਸਪਤਾਲ ਪਹੁੰਚਣਾ ਚਾਹੀਦਾ ਹੈ। ਮਿਲਟਰੀ ਡਾਕਟਰਾਂ ਦੀ ਟੀਮ ਵੀ ਹਸਪਤਾਲ ਪਹੁੰਚ ਗਈ।