ਦੁਬਈ, 16 ਅਪ੍ਰੈਲ 2023– ਦੁਬਈ ਵਿੱਚ ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 16 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਹਨ। ਅੱਗ ਲੱਗਣ ਕਾਰਨ 9 ਲੋਕ ਜ਼ਖਮੀ ਵੀ ਹੋਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਸ਼ਨੀਵਾਰ ਰਾਤ ਕਰੀਬ 12.30 ਵਜੇ ਦੁਬਈ ਦੇ ਅਲ ਰਾਸ ਇਲਾਕੇ ‘ਚ ਇਕ ਰਿਹਾਇਸ਼ੀ ਇਮਾਰਤ ‘ਚ ਅੱਗ ਲੱਗ ਗਈ। ਅੱਗ ਇਮਾਰਤ ਦੀ ਚੌਥੀ ਮੰਜ਼ਿਲ ‘ਤੇ ਲੱਗੀ, ਜਿਸ ਨੇ ਇਮਾਰਤ ਦੇ ਹੋਰ ਹਿੱਸਿਆਂ ਨੂੰ ਵੀ ਆਪਣੀ ਲਪੇਟ ‘ਚ ਲੈ ਲਿਆ।
ਅੱਗ ਦੀ ਸੂਚਨਾ ਮਿਲਦੇ ਹੀ ਦੁਬਈ ਸਿਵਲ ਡਿਫੈਂਸ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਨਾਲ ਹੀ ਆਸਪਾਸ ਦੀਆਂ ਇਮਾਰਤਾਂ ਤੋਂ ਲੋਕਾਂ ਨੂੰ ਬਾਹਰ ਕੱਢਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਪੋਰਟ ਸੈਦ ਫਾਇਰ ਸਟੇਸ਼ਨ ਅਤੇ ਹਮਾਰੀਆ ਫਾਇਰ ਸਟੇਸ਼ਨ ਦੇ ਕਰਮਚਾਰੀ ਵੀ ਮੌਕੇ ‘ਤੇ ਪਹੁੰਚ ਗਏ। ਕਰੀਬ 2.30 ਵਜੇ ਅੱਗ ‘ਤੇ ਕਾਬੂ ਪਾਇਆ ਗਿਆ।
ਮੀਡੀਆ ਰਿਪੋਰਟਾਂ ਮੁਤਾਬਕ, ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਮਰਨ ਵਾਲੇ 16 ਲੋਕਾਂ ਵਿੱਚ ਚਾਰ ਭਾਰਤੀ ਵੀ ਸ਼ਾਮਲ ਹਨ। ਜਿਸ ਵਿੱਚ ਇਕ ਜੋੜਾ ਕੇਰਲ ਦਾ ਅਤੇ ਦੋ ਹੋਰ ਤਾਮਿਲਨਾਡੂ ਦੇ ਹਨ। ਇਸ ਹਾਦਸੇ ਵਿੱਚ ਪਾਕਿਸਤਾਨ ਦੇ ਤਿੰਨ ਚਚੇਰੇ ਭਰਾਵਾਂ ਅਤੇ ਇੱਕ ਨਾਈਜੀਰੀਅਨ ਔਰਤ ਦੀ ਵੀ ਮੌਤ ਹੋ ਗਈ।