ਨਵੀਂ ਦਿੱਲੀ, 30 ਦਸੰਬਰ 2024 – ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਜਿੰਮੀ ਕਾਰਟਰ ਦਾ ਐਤਵਾਰ ਦੇਰ ਰਾਤ 100 ਸਾਲ ਦੀ ਉਮਰ ਵਿੱਚ ਜਾਰਜੀਆ ਵਿੱਚ ਉਨ੍ਹਾਂ ਦੇ ਘਰ ਵਿੱਚ ਦੇਹਾਂਤ ਹੋ ਗਿਆ। 1 ਅਕਤੂਬਰ 1924 ਨੂੰ ਜਨਮੇ ਕਾਰਟਰ 1977 ਤੋਂ 1981 ਤੱਕ ਅਮਰੀਕਾ ਦੇ 39ਵੇਂ ਰਾਸ਼ਟਰਪਤੀ ਰਹੇ। ਉਹ ਅਮਰੀਕੀ ਇਤਿਹਾਸ ਵਿੱਚ ਸਭ ਤੋਂ ਲੰਬੀ ਉਮਰ ਤੱਕ ਜਿਉਂਦੇ ਰਹਿਣ ਵਾਲੇ ਰਾਸ਼ਟਰਪਤੀ ਸਨ।
ਕਾਰਟਰ ਪਿਛਲੇ ਕੁਝ ਸਮੇਂ ਤੋਂ ਮੇਲਾਨੋਮਾ ਤੋਂ ਪੀੜਤ ਸਨ। ਇਹ ਚਮੜੀ ਦੇ ਕੈਂਸਰ ਦੀ ਇੱਕ ਕਿਸਮ ਹੈ। ਇਹ ਉਨ੍ਹਾਂ ਦੇ ਜਿਗਰ ਅਤੇ ਦਿਮਾਗ ਵਿੱਚ ਫੈਲ ਗਈ ਸੀ। 2023 ਵਿੱਚ, ਉਨ੍ਹਾਂ ਨੇ ਹਾਸਪਾਈਸ ਦੇਖਭਾਲ ਲੈਣ ਦਾ ਫੈਸਲਾ ਕੀਤਾ ਸੀ। ਹਾਸਪਾਈਸ ਕੇਅਰ ਵਿੱਚ, ਹਸਪਤਾਲ ਦੇ ਇਲਾਜ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ। ਫਿਰ ਕੁਝ ਨਰਸਿੰਗ ਸਟਾਫ ਅਤੇ ਪਰਿਵਾਰਕ ਮੈਂਬਰ ਘਰ ਵਿਚ ਮਰੀਜ਼ ਦੀ ਦੇਖਭਾਲ ਕਰਦੇ ਹਨ।
ਰਾਸ਼ਟਰਪਤੀ ਦਾ ਅਹੁਦਾ ਛੱਡਣ ਤੋਂ ਬਾਅਦ ਉਨ੍ਹਾਂ ਨੇ ਆਪਣੀ ਸੰਸਥਾ ‘ਕਾਰਟਰ ਸੈਂਟਰ’ ਰਾਹੀਂ ਕਈ ਸਾਲਾਂ ਤੱਕ ਮਾਨਵਤਾ ਦੇ ਕੰਮ ਕੀਤੇ। ਇਸਦੇ ਲਈ ਉਨ੍ਹਾਂ ਨੂੰ 2002 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਜਿੰਮੀ ਕਾਰਟਰ ਦੇ ਬੇਟੇ ਚਿੱਪ ਕਾਰਟਰ ਨੇ ਰਾਇਟਰਜ਼ ਨੂੰ ਦੱਸਿਆ: ‘ਉਹ ਸਿਰਫ਼ ਮੇਰੇ ਲਈ ਹੀ ਨਹੀਂ, ਸਗੋਂ ਸ਼ਾਂਤੀ, ਮਨੁੱਖੀ ਅਧਿਕਾਰਾਂ ਅਤੇ ਨਿਰਸਵਾਰਥ ਪਿਆਰ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਲਈ ਹੀਰੋ ਸਨ।’ ਜਿਸ ਤਰੀਕੇ ਨਾਲ ਉਨ੍ਹਾਂ ਨੇ ਲੋਕਾਂ ਨੂੰ ਇਕੱਠੇ ਕੀਤਾ, ਅੱਜ ਇਹ ਪੂਰੀ ਦੁਨੀਆ ਸਾਡਾ ਪਰਿਵਾਰ ਹੈ।