ਨਵੀਂ ਦਿੱਲੀ, 23 ਜੁਲਾਈ 2025 – ਗੂਗਲ ਨੇ ਵੀਡੀਓ ਸਟ੍ਰੀਮਿੰਗ ਪਲੇਟਫਾਰਮ ਯੂਟਿਊਬ ‘ਤੇ ਗਲਤ ਜਾਣਕਾਰੀ ਅਤੇ ਪ੍ਰੋਪਗੈਂਡਾ ਫੈਲਾਉਣ ਵਾਲਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ 2025 ਦੀ ਦੂਜੀ ਤਿਮਾਹੀ (ਅਪ੍ਰੈਲ-ਜੂਨ) ਦੌਰਾਨ 11,000 ਤੋਂ ਵੱਧ ਚੈਨਲ ਅਤੇ ਅਕਾਊਂਟ ਹਟਾ ਦਿੱਤੇ ਹਨ। ਇਹ ਕਾਰਵਾਈ ਗੂਗਲ ਦੀ ਥ੍ਰੈਟ ਐਨਾਲਿਸਿਸ ਗਰੁੱਪ (TAG) ਵੱਲੋਂ ਚਲਾਈ ਗਈ ਮੁਹਿੰਮ ਦਾ ਹਿੱਸਾ ਸੀ, ਜੋ ਪਲੇਟਫਾਰਮ ‘ਤੇ ਚੱਲ ਰਹੀਆਂ “ਕੋਆਰਡੀਨੇਟਡ ਇੰਫਲੂਐਂਸ ਓਪਰੇਸ਼ਨਜ਼” ਨੂੰ ਨਿਸ਼ਾਨਾ ਬਣਾਉਂਦੀ ਹੈ।
ਗੂਗਲ ਦੇ ਅਨੁਸਾਰ, ਹਟਾਏ ਗਏ ਚੈਨਲਾਂ ‘ਚੋਂ 7700 ਚੈਨਲ ਚੀਨ ਨਾਲ ਜੁੜੇ ਹੋਏ ਸਨ, ਜੋ ਹਿੰਦੀ, ਚੀਨੀ ਅਤੇ ਅੰਗਰੇਜ਼ੀ ਭਾਸ਼ਾਵਾਂ ‘ਚ ਵੀਡੀਓ ਜਾਰੀ ਕਰਦੇ ਸਨ। ਇਨ੍ਹਾਂ ਵੀਡੀਓਜ਼ ਰਾਹੀਂ ਚੀਨ ਦੀ ਸਰਕਾਰ, ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਤਾਰੀਫ ਕੀਤੀ ਜਾਂਦੀ ਸੀ ਅਤੇ ਅਮਰੀਕਾ ਦੀ ਵਿਦੇਸ਼ ਨੀਤੀ ਦੀ ਆਲੋਚਨਾ ਕੀਤੀ ਜਾਂਦੀ ਸੀ। ਇਸ ਦੇ ਨਾਲ ਹੀ ਕਰੀਬ 2000 ਚੈਨਲ ਰੂਸ ਨਾਲ ਜੁੜੇ ਹੋਏ ਮਿਲੇ, ਜੋ ਕਿ ਯੂਕਰੇਨ ਯੁੱਧ, ਨਾਟੋ ਅਤੇ ਪੱਛਮੀ ਦੇਸ਼ਾਂ ਦੀ ਨਿੰਦਾ ਕਰ ਰਹੇ ਸਨ। ਇਹ ਚੈਨਲ ਕਈ ਭਾਸ਼ਾਵਾਂ ‘ਚ ਸਮੱਗਰੀ ਪੋਸਟ ਕਰਦੇ ਸਨ, ਜੋ ਰੂਸ ਦੇ ਪੱਖ ‘ਚ ਹੋਣ ਦਾ ਇੰਨਾਂ ਦਾ ਮੁੱਖ ਮਕਸਦ ਦੱਸਿਆ ਗਿਆ।
ਮਈ ਮਹੀਨੇ ਦੌਰਾਨ ਗੂਗਲ ਨੇ ਰੂਸ ਦੇ ਰਾਜਨੈਤਿਕ ਨਿਯੰਤਰਿਤ ਮੀਡੀਆ RT (Russia Today) ਨਾਲ ਜੁੜੇ 20 ਯੂਟਿਊਬ ਚੈਨਲ, 4 ਵਿਗਿਆਪਨ ਅਕਾਊਂਟ ਅਤੇ 1 ਬਲੌਗਰ ਪੇਜ ਵੀ ਹਟਾਏ। RT ‘ਤੇ ਇਲਜ਼ਾਮ ਹੈ ਕਿ ਉਸ ਨੇ 2024 ਦੇ ਚੋਣਾਂ ਤੋਂ ਪਹਿਲਾਂ ਕਨਜ਼ਰਵੇਟਿਵ ਇੰਫਲੂਐਂਸਰਜ਼ ਨੂੰ ਪੈਸੇ ਦੇ ਕੇ ਪ੍ਰੋਪਗੈਂਡਾ ਸਮੱਗਰੀ ਬਣਵਾਈ।

ਗੂਗਲ ਦੀ ਰਿਪੋਰਟ ਮੁਤਾਬਕ ਇਹ ਕਾਰਵਾਈ ਸਿਰਫ਼ ਚੀਨ ਅਤੇ ਰੂਸ ਤੱਕ ਹੀ ਸੀਮਿਤ ਨਹੀਂ ਸੀ। ਹੋਰ ਵੀ ਕਈ ਦੇਸ਼ਾਂ ਜਿਵੇਂ ਕਿ ਅਜ਼ਰਬੈਜਾਨ, ਈਰਾਨ, ਤੁਰਕੀ, ਇਜ਼ਰਾਈਲ, ਰੋਮਾਨੀਆ ਅਤੇ ਘਾਨਾ ਤੋਂ ਵੀ ਪ੍ਰੋਪਗੈਂਡਾ ਚੈਨਲ ਅਤੇ ਅਕਾਊਂਟ ਸਾਹਮਣੇ ਆਏ ਹਨ। ਇਨ੍ਹਾਂ ‘ਚੋਂ ਕਈ ਨੇ ਰਾਜਨੀਤਿਕ ਵਿਰੋਧੀਆਂ ਨੂੰ ਨਿਸ਼ਾਨਾ ਬਣਾਇਆ, ਜਦਕਿ ਹੋਰਾਂ ਨੇ ਇਜ਼ਰਾਈਲ-ਫਿਲੀਸਤੀਨ ਟਕਰਾਅ ਵਰਗੀਆਂ ਗੰਭੀਰ ਗਲੋਬਲ ਸਥਿਤੀਆਂ ਉੱਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕੀਤੀ।
2025 ਦੀ ਪਹਿਲੀ ਤਿਮਾਹੀ ‘ਚ ਹੀ 23,000 ਤੋਂ ਵੱਧ ਅਕਾਊਂਟ ਹਟਾਏ ਗਏ ਸਨ, ਅਤੇ ਹੁਣ ਤੱਕ ਸਾਲ ਦੇ ਮੌਜੂਦਾ ਅੰਕੜੇ ਮੁਤਾਬਕ ਕੁੱਲ 34,000 ਤੋਂ ਵੱਧ ਚੈਨਲਾਂ ਨੂੰ ਹਟਾਇਆ ਜਾ ਚੁੱਕਾ ਹੈ।
