ਨਵੀਂ ਦਿੱਲੀ, 27 ਸਤੰਬਰ 2022 – ਕੈਨੇਡਾ ਸਰਕਾਰ ਨੇ ਕੋਵਿਡ-19 ਸੰਬੰਧੀ ਜਾਰੀ ਕੀਤੀਆਂ ਸਾਰੀਆਂ ਪਾਬੰਦੀਆਂ ਨੂੰ ਖ਼ਤਮ ਕਰ ਦਿੱਤਾ ਹੈ। ਇਹ ਨਵੇਂ ਨਿਯਮ 1 ਅਕਤੂਬਰ 2022 ਤੋਂ ਲਾਗੂ ਹੋਣਗੇ।
ਸਰਕਾਰ ਵੱਲੋਂ 1 ਅਕਤੂਬਰ ਤੋਂ ਕੈਨੇਡਾ ਵਿਚ ਦਾਖ਼ਲ ਹੋਣ ਵਾਲੇ ਕਿਸੇ ਵੀ ਵਿਅਕਤੀ ਲਈ ਟੈਸਟਿੰਗ ਅਤੇ ਇਕਾਂਤਵਾਸ ਦੀਆਂ ਸਾਰੀਆਂ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ। ਕੈਨੇਡਾ ਦੀ ਸਰਕਾਰ ਨੇ ਪਹਿਲਾਂ 30 ਸਤੰਬਰ 2022 ਤੱਕ ਇਹ ਪਾਬੰਦੀਆਂ ਲਾਈਆਂ ਹੋਈਆਂ ਸਨ। ਇਹ ਜਾਣਕਾਰੀ ਸਿਹਤ ਮੰਤਰੀ ਜੀਨ-ਯਵੇਸ ਡੁਕਲੋਸ ਅਤੇ ਡਾ.ਹਾਵਰਡ ਨਜੂ ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਅਫ਼ਸਰ ਨੇ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆ ਦਿੱਤੀ।
ਟਰਾਂਸਪੋਰਟ ਮੰਤਰੀ ਉਮਰ ਅਲਘਬਰਾ ਨੇ ਘੋਸ਼ਣਾ ਕੀਤੀ ਕਿ 1 ਅਕਤੂਬਰ ਤੋਂ ਜਹਾਜ਼ਾਂ ਅਤੇ ਰੇਲ ਗੱਡੀਆਂ ਦੇ ਯਾਤਰੀਆਂ ਨੂੰ ਹੁਣ ਮਾਸਕ ਪਹਿਨਣ ਦੀ ਲੋੜ ਨਹੀਂ ਹੋਵੇਗੀ। ਪਰ ਫੇਰ ਵੀ ਉਨਾਂ ਨੇ ਕੈਨੇਡੀਅਨਾਂ ਨੂੰ ਮਾਸਕ ਦੇ ਹੁਕਮਾਂ ਨੂੰ ਹਟਾਉਣ ਦੇ ਬਾਵਜੂਦ ਵੀ ਮਾਸਕ ਪਹਿਨਣਾ ਜਾਰੀ ਰੱਖਣ ਦੀ ਅਪੀਲ ਕੀਤੀ।