- ਹਿਜ਼ਬੁੱਲਾ ਨੇ ਇਜ਼ਰਾਈਲ ਤੋਂ ਬਦਲਾ ਲੈਣ ਦੀ ਖਾਧੀ ਸਹੁੰ
- ਨੇਤਨਯਾਹੂ ਨੇ ਕਿਹਾ ਅਸੀਂ ਵੀ ਪੂਰੀ ਤਰ੍ਹਾਂ ਤਿਆਰ
ਨਵੀਂ ਦਿੱਲੀ, 2 ਅਗਸਤ 2024 – ਹਮਾਸ ਦੇ ਮੁਖੀ ਇਸਮਾਈਲ ਹਾਨੀਆ ਨੂੰ ਅੱਜ ਕਤਰ ਦੀ ਰਾਜਧਾਨੀ ਦੋਹਾ ਵਿੱਚ ਸਪੁਰਦ-ਏ-ਖ਼ਾਕ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕੱਲ੍ਹ ਯਾਨੀ ਵੀਰਵਾਰ ਨੂੰ ਤਹਿਰਾਨ ਵਿੱਚ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ ਗਈ। ਇਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਹਾਨੀਆ ਦੀ ਲਾਸ਼ ਨੂੰ ਤਹਿਰਾਨ ਯੂਨੀਵਰਸਿਟੀ ‘ਚ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਸੀ।
ਇਸ ਤੋਂ ਬਾਅਦ ਤਹਿਰਾਨ ਦੇ ਸੁਤੰਤਰਤਾ ਚੌਕ ਤੱਕ ਉਨ੍ਹਾਂ ਦੀ ਦੇਹ ਨਾਲ ਅੰਤਿਮ ਯਾਤਰਾ ਕੱਢੀ ਗਈ। ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਖਮੇਨੀ ਨੇ ਅੰਤਿਮ ਯਾਤਰਾ ਦੀ ਅਗਵਾਈ ਕੀਤੀ। ਇਸ ਤੋਂ ਬਾਅਦ ਹਾਨੀਆ ਦੀ ਲਾਸ਼ ਨੂੰ ਕਤਰ ਲਿਆਂਦਾ ਗਿਆ।
ਹਾਨੀਆ ਦੇ ਕਤਲ ਤੋਂ ਬਾਅਦ ਹਿਜ਼ਬੁੱਲਾ ਮੁਖੀ ਹਸਨ ਨਸਰੁੱਲਾ ਨੇ ਇਜ਼ਰਾਈਲ ਤੋਂ ਬਦਲਾ ਲੈਣ ਦਾ ਵਾਅਦਾ ਕੀਤਾ ਹੈ। ਨਸਰੁੱਲਾ ਨੇ ਹਿਜ਼ਬੁੱਲਾ ਫੌਜੀ ਕਮਾਂਡਰ ਫੁਆਦ ਸ਼ੁਕਰ ਦੇ ਅੰਤਿਮ ਸਸਕਾਰ ਦੌਰਾਨ ਇੱਕ ਗੁਪਤ ਸਥਾਨ ਤੋਂ ਟੀਵੀ ‘ਤੇ ਜਨਤਾ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਕਿਹਾ ਕਿ ਫਿਲਹਾਲ ਇਜ਼ਰਾਈਲ ਬਹੁਤ ਖੁਸ਼ ਨਜ਼ਰ ਆ ਰਹੇ ਹਨ ਪਰ ਆਉਣ ਵਾਲੇ ਦਿਨਾਂ ‘ਚ ਉਹ ਬਹੁਤ ਰੋਣਗੇ।
ਨਸਰੱਲਾ ਨੇ ਇਜ਼ਰਾਈਲ ਨਾਲ ਸਾਰੇ ਮੋਰਚਿਆਂ ‘ਤੇ ਖੁੱਲ੍ਹੀ ਜੰਗ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਲਾਲ ਲਕੀਰ ਪਾਰ ਕਰ ਦਿੱਤੀ ਹੈ। ਸ਼ੁਕਰ ਨੂੰ ਮਾਰ ਕੇ ਜੰਗ ਸ਼ੁਰੂ ਕਰ ਦਿੱਤੀ ਗਈ ਹੈ। ਇਜ਼ਰਾਈਲੀ ਨਹੀਂ ਜਾਣਦੇ ਕਿ ਅਸੀਂ ਇਨ੍ਹਾਂ ਮੌਤਾਂ ਦਾ ਕੀ ਜਵਾਬ ਦੇਵਾਂਗੇ।
ਨੇਤਨਯਾਹੂ ਦਾ ਜਵਾਬ ਵੀ ਨਸਰੁੱਲਾ ਦੀ ਧਮਕੀ ਦੇ ਵਿਚਕਾਰ ਆਇਆ ਹੈ। ਉਨ੍ਹਾਂ ਕਿਹਾ ਕਿ ਇਜ਼ਰਾਈਲ ਕਿਸੇ ਵੀ ਸਥਿਤੀ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਤੇ ਵੀ ਇਜ਼ਰਾਈਲ ਖਿਲਾਫ ਕਾਰਵਾਈ ਕੀਤੀ ਜਾਂਦੀ ਹੈ ਤਾਂ ਇਸ ਦੀ ਭਾਰੀ ਕੀਮਤ ਚੁਕਾਉਣੀ ਪਵੇਗੀ।