ਚੰਡੀਗੜ੍ਹ, 7 ਸਤੰਬਰ 2025 – ਅਮਰੀਕਾ ਦੇ ਮਿਨੇਸੋਟਾ ਰਾਜ ‘ਚ ਇਕ ਵੱਡਾ ਅਤੇ ਦਰਦਨਾਕ ਹੈਲੀਕਾਪਟਰ ਹਾਦਸਾ ਵਾਪਰਿਆ ਹੈ। ਸ਼ਨੀਵਾਰ ਨੂੰ ਟਵਿਨ ਸਿਟੀਜ਼ ਖੇਤਰ ‘ਚ ਇਕ ਹੈਲੀਕਾਪਟਰ ਕ੍ਰੈਸ਼ ਹੋ ਕੇ ਅੱਗ ਦੀ ਲਪੇਟਾਂ ‘ਚ ਘਿਰ ਗਿਆ। ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ ਇਸ ਹਾਦਸੇ ‘ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਸਥਾਨਕ ਸਮੇਂ ਅਨੁਸਾਰ ਦੁਪਹਿਰ ਕਰੀਬ 2:45 ਵਜੇ ਏਅਰਲੇਕ ਏਅਰਪੋਰਟ ਦੇ ਨੇੜੇ ਵਾਪਰੀ।
ਰਿਪੋਰਟ ਮੁਤਾਬਕ, ਹਾਦਸਾਗ੍ਰਸਤ ਹੈਲੀਕਾਪਟਰ ਰੋਬਿਨਸਨ R66 ਸੀ। ਜਦੋਂ ਰੈਸਕਿਊ ਟੀਮ ਮੌਕੇ ‘ਤੇ ਪਹੁੰਚੀ ਤਾਂ ਹੈਲੀਕਾਪਟਰ ਪੂਰੀ ਤਰ੍ਹਾਂ ਸੜ ਚੁੱਕਾ ਸੀ ਅਤੇ ਕੋਈ ਵੀ ਜੀਵਿਤ ਨਹੀਂ ਮਿਲਿਆ। ਪੁਲਸ ਅਤੇ ਫਾਇਰ ਬ੍ਰਿਗੇਡ ਨੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤਾ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਹੈਲੀਕਾਪਟਰ ‘ਚ ਕੁੱਲ ਕਿੰਨੇ ਲੋਕ ਸਵਾਰ ਸਨ। ਪੁਲਸ ਨੇ ਦੱਸਿਆ ਕਿ ਹਾਦਸੇ ਦੀ ਇਹ ਜਗ੍ਹਾ ਕਿਸੇ ਰਿਹਾਇਸ਼ੀ ਜਾਂ ਵਪਾਰਕ ਇਲਾਕੇ ‘ਚ ਨਹੀਂ ਸੀ, ਇਸ ਲਈ ਜ਼ਮੀਨ ‘ਤੇ ਕਿਸੇ ਦੇ ਜਖ਼ਮੀ ਹੋਣ ਦੀ ਖ਼ਬਰ ਨਹੀਂ ਹੈ। ਅਧਿਕਾਰੀਆਂ ਨੇ ਹਾਦਸੇ ਦੇ ਕਾਰਨ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
ਰੋਬਿਨਸਨ R66 ਇਕ ਹਲਕਾ ਸਿੰਗਲ-ਇੰਜਣ ਵਾਲਾ ਹੈਲੀਕਾਪਟਰ ਹੈ, ਜਿਸ ਨੂੰ ਛੋਟੇ ਵਪਾਰਕ, ਨਿੱਜੀ ਅਤੇ ਟ੍ਰੇਨਿੰਗ ਮਕਸਦਾਂ ਲਈ ਤਿਆਰ ਕੀਤਾ ਗਿਆ ਹੈ। ਇਸ ‘ਚ ਇਕ ਪਾਇਲਟ ਅਤੇ ਚਾਰ ਯਾਤਰੀ ਬੈਠ ਸਕਦੇ ਹਨ। ਇਹ ਲਗਭਗ 350 ਮੀਲ ਦੀ ਉਡਾਣ ਭਰ ਸਕਦਾ ਹੈ ਅਤੇ 24,500 ਫੁੱਟ ਦੀ ਉੱਚਾਈ ਤੱਕ ਪਹੁੰਚ ਸਕਦਾ ਹੈ। ਆਪਣੀ ਆਧੁਨਿਕ ਤਕਨਾਲੋਜੀ ਅਤੇ ਸ਼ਕਤੀਸ਼ਾਲੀ ਇੰਜਣ ਕਰਕੇ ਇਹ ਹੈਲੀਕਾਪਟਰ ਨਿੱਜੀ ਮਾਲਕਾਂ ਅਤੇ ਟ੍ਰੇਨਿੰਗ ਸਕੂਲਾਂ ‘ਚ ਕਾਫ਼ੀ ਲੋਕਪ੍ਰਿਯ ਹੈ।

