ਨਵੀਂ ਦਿੱਲੀ, 28 ਮਈ 2024 – ਐਤਵਾਰ (26 ਮਈ) ਨੂੰ ਅਮਰੀਕਾ ਦੇ ਟੈਕਸਾਸ, ਓਕਲਾਹੋਮਾ ਅਤੇ ਅਰਕਨਸਾਸ ਰਾਜਾਂ ਵਿੱਚ ਆਏ ਤੂਫਾਨ ਕਾਰਨ 21 ਲੋਕਾਂ ਦੀ ਮੌਤ ਹੋ ਗਈ ਅਤੇ 42 ਤੋਂ ਵੱਧ ਜ਼ਖਮੀ ਹੋ ਗਏ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਤੂਫ਼ਾਨ, ਗੜੇਮਾਰੀ ਅਤੇ ਤੇਜ਼ ਹਵਾਵਾਂ ਕਾਰਨ ਕਰੀਬ 10 ਕਰੋੜ ਲੋਕ ਪ੍ਰਭਾਵਿਤ ਹੋਏ ਹਨ।
ਅਮਰੀਕਾ ਦੇ ਮੌਸਮ ਵਿਭਾਗ ਨੇ (27 ਮਈ) ਨੂੰ ਫੇਰ ਇਨ੍ਹਾਂ ਤਿੰਨਾਂ ਰਾਜਾਂ ਵਿੱਚ ਗੜੇਮਾਰੀ ਦੇ ਨਾਲ-ਨਾਲ ਤੂਫ਼ਾਨ ਅਤੇ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਤੂਫਾਨ ਨਾਲ ਕਈ ਇਮਾਰਤਾਂ, ਬਿਜਲੀ, ਗੈਸ ਲਾਈਨਾਂ ਅਤੇ ਇੱਕ ਬਾਲਣ ਸਟੇਸ਼ਨ ਤਬਾਹ ਹੋ ਗਿਆ ਸੀ।
ਵ੍ਹਾਈਟ ਹਾਊਸ ਮੁਤਾਬਕ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਪੂਰੀ ਘਟਨਾ ‘ਤੇ ਨਜ਼ਰ ਰੱਖ ਰਹੇ ਹਨ। ਬਚਾਅ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਇਲੀਨੋਇਸ, ਕੈਂਟਕੀ, ਮਿਸੂਰੀ ਅਤੇ ਟੈਨੇਸੀ ਸ਼ਹਿਰਾਂ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਇੱਥੇ ਬੇਸਬਾਲ ਦੇ ਆਕਾਰ ਦੇ ਗੜੇ ਪੈ ਰਹੇ ਹਨ। ਇਸ ਕਾਰਨ 40 ਲੱਖ ਤੋਂ ਵੱਧ ਲੋਕ ਡਰ ਦੇ ਸਾਏ ਹੇਠ ਰਹਿ ਰਹੇ ਹਨ। ਇਨ੍ਹਾਂ ਰਾਜਾਂ ਵਿੱਚ 136 ਤੋਂ 165 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ।