ਨਵੀਂ ਦਿੱਲੀ, 4 ਮਈ 2024 – ਵੀਰਵਾਰ 2 ਮਈ ਨੂੰ ਕਿਰਗਿਸਤਾਨ ਦੇ ਜਰਗ-ਤਾਲ ਪਿੰਡ ਵਿੱਚ ਇੱਕ ਬੇਕਾਬੂ ਆਈਸਕ੍ਰੀਮ ਟਰੱਕ ਨੇ ਕਈ ਲੋਕਾਂ ਨੂੰ ਕੁਚਲ ਦਿੱਤਾ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਜ਼ਾਰਾਂ ਲੋਕ ਇੱਕ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਆਏ ਹੋਏ ਸਨ।
ਖਬਰਾਂ ਮੁਤਾਬਕ ਇਸ ਘਟਨਾ ‘ਚ 29 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ‘ਚ ਜ਼ਿਆਦਾਤਰ ਵਿਦਿਆਰਥੀ ਹਨ, ਜਿਨ੍ਹਾਂ ‘ਚੋਂ 4 ਨੂੰ ਫਰੈਕਚਰ ਤੋਂ ਬਾਅਦ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਤਿੰਨ ਵਿਦਿਆਰਥੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਇਸ ਹਾਦਸੇ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਪੁਲਸ ਨੇ ਦੋਸ਼ੀ ਡਰਾਈਵਰ ਨੂੰ ਹਿਰਾਸਤ ‘ਚ ਲੈ ਕੇ ਮਾਮਲੇ ਦੀ ਮੁੱਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਮੱਧ ਕਿਰਗਿਜ਼ਸਤਾਨ ਦੇ ਪਹਾੜੀ ਇਲਾਕੇ ਦੇ ਜਰਗ-ਤਾਲ ਪਿੰਡ ‘ਚ 19ਵੀਂ ਸਦੀ ਦੀ ਕਿਰਗਿਜ਼ ਕਵਿਤਾ ਮਾਨਸ ‘ਤੇ ਆਧਾਰਿਤ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਭਾਗ ਲੈਣ ਪਹੁੰਚੇ ਹੋਏ ਸਨ। ਇਸ ਦੌਰਾਨ ਇਕ ਬੇਕਾਬੂ ਆਈਸਕ੍ਰੀਮ ਦਾ ਟਰੱਕ ਢਲਾਨ ਤੋਂ ਹੇਠਾਂ ਉਤਰ ਕੇ ਬੱਚਿਆਂ ਦੀ ਭੀੜ ਵਿਚ ਜਾ ਵੜਿਆ। ਪਿੱਠ ਹੋਣ ਕਾਰਨ ਬੱਚੇ ਟਰੱਕ ਨੂੰ ਨਹੀਂ ਦੇਖ ਸਕੇ ਅਤੇ ਹਾਦਸੇ ਦਾ ਸ਼ਿਕਾਰ ਹੋ ਗਏ।
ਪੁਲੀਸ ਨੇ ਮੌਕੇ ’ਤੇ ਮੁਲਜ਼ਮ ਟਰੱਕ ਡਰਾਈਵਰ ਨੂੰ ਹਿਰਾਸਤ ਵਿੱਚ ਲੈ ਲਿਆ। ਸਥਾਨਕ ਮੀਡੀਆ ਮੁਤਾਬਕ ਡਰਾਈਵਰ ਨੇ ਪੁਲਸ ਨੂੰ ਦੱਸਿਆ ਹੈ ਕਿ ਉਹ ਟਰੱਕ ਖੜ੍ਹਾ ਕੇ ਫੋਨ ‘ਤੇ ਗੱਲ ਕਰ ਰਿਹਾ ਸੀ, ਪਰ ਪਤਾ ਨਹੀਂ ਕਿ ਕਿਵੇਂ ਟਰੱਕ ਅੱਗੇ ਵਧ ਗਿਆ। ਪੁਲਿਸ ਦਾ ਮੰਨਣਾ ਹੈ ਕਿ ਡਰਾਈਵਰ ਹੈਂਡ ਬ੍ਰੇਕ ਲਗਾਉਣਾ ਭੁੱਲ ਗਿਆ ਸੀ।
ਹਾਲਾਂਕਿ ਅਧਿਕਾਰੀਆਂ ਨੇ ਦੋਸ਼ੀ ਟਰੱਕ ਡਰਾਈਵਰ ਖਿਲਾਫ ਟਰੈਫਿਕ ਸੁਰੱਖਿਆ ਦੀ ਉਲੰਘਣਾ ਦਾ ਮਾਮਲਾ ਦਰਜ ਕਰ ਲਿਆ ਹੈ। ਕਿਰਗਿਸਤਾਨ ਦੇ ਸਿਹਤ ਮੰਤਰਾਲੇ ਨੇ ਹਾਦਸੇ ‘ਤੇ ਇਕ ਬਿਆਨ ਜਾਰੀ ਕੀਤਾ ਹੈ। ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਟਰੱਕ ਤੋਂ ਆਈਸਕ੍ਰੀਮ ਵੇਚੀ ਜਾ ਰਹੀ ਸੀ। ਸਿਹਤ ਮੰਤਰੀ ਅਲਿਮਕਾਦਿਰ ਬੇਸ਼ੇਨਾਲੀਵ ਖੁਦ ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਦੇ ਇਲਾਜ ਦੀ ਜਾਣਕਾਰੀ ਲੈ ਰਹੇ ਹਨ। ਉਨ੍ਹਾਂ ਨੇ ਡਾਕਟਰਾਂ ਨੂੰ ਜ਼ਖਮੀਆਂ ਦਾ ਵਧੀਆ ਇਲਾਜ ਕਰਨ ਦੇ ਆਦੇਸ਼ ਦਿੱਤੇ ਹਨ।